ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਦਸੰਬਰ
ਦਿੱਲੀ ਤੋਂ ਮੇਰਠ ਲਈ ਰੈਪਿਡ ਟਰਾਂਜਿਟ ਸਿਸਟਮ ਲਈ 260 ਦਰੱਖ਼ਤ ਵੱਢੇ ਜਾਣਗੇ ਜਦੋਂ ਕਿ 280 ਦਰੱਖ਼ਤਾਂ ਨੂੰ ਇੱਕ ਤਾਂ ਤੋਂ ਪੁੱਟ ਕੇ ਦੂਜੀ ਥਾਂ ਲਾਇਆ ਜਾਵੇਗਾ। ਇਸ ਤਰ੍ਹਾਂ 543 ਦਰੱਖ਼ਤਾਂ ਨੂੰ ਹਟਾ ਕੇ ਮੇਰਠ ਲਈ ਆਵਾਜਾਈ ਦੀ ਇਹ ਸਹੂਲਤ ਦਿੱਤੀ ਜਾਵੇਗੀ। ਦਿੱਲੀ-ਗਾਜ਼ੀਆਬਾਦ-ਮੇਰਠ ਖੇਤਰੀ ਰੈਪਿਡ ਟਰਾਂਜਿਟ ਸਿਸਟਮ (ਆਰ.ਆਰ.ਟੀ.ਐਸ.) ਨੂੰ ਲਾਗੂ ਕਰਨ ਲਈ ਕੌਮੀ ਰਾਜਧਾਨੀ ਵਿੱਚ 260 ਤੋਂ ਵੱਧ ਰੁੱਖ ਕੱਟੇ ਜਾਣਗੇ ਤੇ 280 ਟਰਾਂਸਪਲਾਂਟ ਕੀਤੇ ਜਾਣਗੇ। ਇੱਕ ਨੋਟੀਫਿਕੇਸ਼ਨ ਅਨੁਸਾਰ ਦਿੱਲੀ-ਗਾਜ਼ੀਆਬਾਦ-ਮੇਰਠ ਖੇਤਰੀ ਰੈਪਿਡ ਟਰਾਂਜਿਟ ਸਿਸਟਮ (ਆਰਆਰਟੀਐਸ) ਨੂੰ ਲਾਗੂ ਕਰਨ ਲਈ ਰਾਜਧਾਨੀ ਵਿੱਚ 260 ਤੋਂ ਵੱਧ ਰੁੱਖ ਕੱਟੇ ਜਾਣਗੇ ਅਤੇ 280 ਟ੍ਰਾਂਸਪਲਾਂਟ ਕੀਤੇ ਜਾਣਗੇ। ਵਾਤਾਵਰਨ ਵਿਭਾਗ ਨੇ ਇਸ ਮੰਤਵ ਲਈ 1.69 ਹੈਕਟੇਅਰ ਖੇਤਰ ਨੂੰ ਛੋਟ ਦਿੱਤੀ ਹੈ। ਕੁੱਲ 543 ਰੁੱਖ ‘ਆਰਆਰਟੀਐਸ’ ਕੋਰੀਡੋਰ ਲਈ ਰਸਤਾ ਬਣਾਉਣਗੇ। ਨੈਸ਼ਨਲ ਕੈਪੀਟਲ ਰੀਜਨ ਟ੍ਰਾਂਸਪੋਰਟ ਕਾਰਪੋਰੇਸ਼ਨ (ਐਨਸੀਆਰਟੀਸੀ) ਨੂੰ ਯਮੁਨਾ ਦੇ ਪੱਛਮੀ ਕੰਢੇ ’ਤੇ ਦਿੱਲੀ-ਨੋਇਡਾ ਡਾਇਰੈਕਟ ਫਲਾਈਵੇਅ ਦੇ ਨਾਲ ਲੱਗਦੀ ਜ਼ਮੀਨ ’ਤੇ 280 ਰੁੱਖਾਂ ਨੂੰ ਟ੍ਰਾਂਸਪਲਾਂਟ ਕਰਨ ਲਈ ਕਿਹਾ ਗਿਆ ਹੈ। ਨਿੰਮ, ਅਮਲਤਾਸ, ਪਿੱਪਲ, ਪਿਲਖਨ, ਗੁਲਰ, ਬਰਗਦ ਤੇ ਦੇਸੀ ਕਿੱਕਰ ਦੇ 5,430 ਬੂਟੇ ਲਗਾਉਣ ਲਈ ਮੁਆਵਜ਼ਾ ਰਾਸ਼ੀ ਵਜੋਂ 3.09 ਕਰੋੜ ਰੁਪਏ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘ਦੇਸੀ ਪ੍ਰਜਾਤੀਆਂ ਦੇ 5430 ਬੂਟਿਆਂ ਨੂੰ ਸਬੰਧਤ ਏਜੰਸੀ ਦਿੱਲੀ ਵਿਕਾਸ ਅਥਾਰਟੀ ਦੇ ਬਾਗ਼ਬਾਨੀ ਮਹਿਕਮੇ ਵੱਲੋਂ 7 ਸਾਲ ਲਈ ਉਗਾਇਆ ਤੇ ਸਾਂਭਿਆ ਜਾਵੇਗਾ ਤੇ ਇਨ੍ਹਾਂ ਦੇ ਪੂਰੀ ਤਰ੍ਹਾਂ ਜੜਾਂ ਜਮਾਂ ਲੈਣ ਤੱਕ ਨਿਗਰਾਨੀ ਕੀਤੀ ਜਾਵੇਗੀ।