ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਉੱਤਰੀ-ਪੱਛਮੀ ਦਿੱਲੀ ਦੇ ਅਸ਼ੋਕ ਵਿਹਾਰ ਖੇਤਰ ਵਿੱਚ ਕੁਝ ਨਸ਼ੇੜੀਆਂ ਅਤੇ ਝੁੱਗੀ-ਝੌਪੜੀ ਵਾਲਿਆਂ ਵਿਚਕਾਰ ਝੜਪ ਦੇ ਨਤੀਜੇ ਵਜੋਂ ਭਾਰੀ ਟ੍ਰੈਫਿਕ ਜਾਮ ਹੋਣ ਤੋਂ ਬਾਅਦ 27 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਸ਼ਾਲੀਮਾਰ ਬਾਗ ਦੇ ਏਓ ਬਲਾਕ ਦੇ ਵਸਨੀਕ ਸੰਤੋਸ਼ (23) ਅਤੇ ਇਲਾਕੇ ਦੇ ਪ੍ਰੇਮ ਬਾੜੀ ਬੱਸ ਸਟੈਂਡ ਨੇੜੇ ਦੋ-ਤਿੰਨ ਲੜਕਿਆਂ ਵਿਚਕਾਰ ਬੁੱਧਵਾਰ ਰਾਤ ਨੂੰ ਝਗੜਾ ਹੋਇਆ ਸੀ ਅਤੇ ਬਾਅਦ ਵਿੱਚ ਉਸ ਨੇ ਆਪਣੇ ਇਲਾਕਾ ਨਿਵਾਸੀਆਂ ਨੂੰ ਵੀ ਬੁਲਾ ਲਿਆ ਸੀ ਅਤੇ ਸੜਕ ’ਤੇ ਆਵਾਜਾਈ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸੰਤੋਸ਼ ਦੇ ਨਾਲ ਅੱਠ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ ਤੇ ਕਰੀਬ 180 ਲੋਕਾਂ ਦੀ ਭੀੜ ਨੇ ਪੁਲੀਸ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਸੀ। ਪੁਲੀਸ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਬ ਇੰਸਪੈਕਟਰ (ਐਸਆਈ) ਪ੍ਰੇਮ ਪ੍ਰਕਾਸ਼ ਆਪਣੇ ਸਟਾਫ ਨਾਲ ਪ੍ਰੇਮ ਬਾੜੀ ਪੁਲ ਨੇੜੇ ਗਸ਼ਤ ਕਰ ਰਹੇ ਸਨ। ਐੱਸਆਈ ਪ੍ਰਕਾਸ਼ ਨੇ ਦੇਖਿਆ ਕਿ ਸ਼ਾਲੀਮਾਰ ਬਲਾਕ ਦੇ ਏ.ਓ. ਬਲਾਕ ਦੇ ਸਥਾਨਕ ਵਾਸੀ ਰਾਤ ਕਰੀਬ ਸਾਢੇ 10 ਵਜੇ ਪ੍ਰੇਮ ਬਾੜੀ ਬੱਸ ਸਟੈਂਡ ਕੋਲ ਉਲਟ ਪਾਸੇ ਇਕੱਠੇ ਹੋਏ ਹਨ। ਉਸੇ ਸਮੇਂ ਆਲੇ-ਦੁਆਲੇ ਦੇ ਵਸਨੀਕਾਂ ਵੱਲੋਂ ਟ੍ਰੈਫਿਕ ਜਾਮ ਸਬੰਧੀ ਸ਼ਾਲੀਮਾਰ ਬਾਗ ਥਾਣੇ ਵਿੱਚ ਇੱਕ ਪੀਸੀਆਰ ਕਾਲ ਦੀ ਸੂਚਨਾ ਵੀ ਦਿੱਤੀ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਨੇੜਲੇ ਪੁਲੀਸ ਥਾਣਿਆਂ ਤੋਂ ਜ਼ਿਲ੍ਹਾ ਰਿਜ਼ਰਵ ਤੇ ਪੁਲੀਸ ਬਲ ਵੀ ਲਾਮਬੰਦ ਕੀਤਾ ਗਿਆ। ਉਸ਼ਾ ਰੰਗਨਾਨੀ, ਪੁਲੀਸ ਡਿਪਟੀ ਕਮਿਸ਼ਨਰ (ਉੱਤਰ ਪੱਛਮੀ) ਨੇ ਕਿਹਾ ਕਿ ਸਥਾਨਕ ਪੁੱਛਗਿੱਛ ਦੌਰਾਨ ਧਿਆਨ ਵਿੱਚ ਆਇਆ ਕਿ ਸੰਤੋਸ਼ ਨਾਮ ਦੇ ਵਿਅਕਤੀ ਦਾ ਪ੍ਰੇਮ ਬਾੜੀ ਬੱਸ ਸਟੈਂਡ ਦੇ ਕੋਲ ਖੜ੍ਹੇ ਦੋ-ਤਿੰਨ ਨਸ਼ੇੜੀ ਲੜਕਿਆਂ ਨਾਲ ਝਗੜਾ ਹੋਇਆ ਹੈ। ਉਸਨੇ ਝੁੱਗੀ ਤੋਂ ਸਥਾਨਕ ਨਿਵਾਸੀਆਂ ਨੂੰ ਬੁਲਾਇਆ ਜੋ ਸੜਕ ’ਤੇ ਆਏ ਅਤੇ ਆਵਾਜਾਈ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਪੁਲੀਸ ਨੇ 150-180 ਦੇ ਕਰੀਬ ਇਕੱਠੇ ਹੋਏ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਵਾਜਾਈ ਵਿੱਚ ਵਿਘਨ ਪਾਉਣ ਲੱਗੇ ਅਤੇ ਸੜਕ ’ਤੇ ਹੀ ਬੈਠ ਗਏ। ਕੁਝ ਸ਼ਰਾਰਤੀ ਲੋਕਾਂ ਨੇ ਰਾਹਗੀਰਾਂ ਤੇ ਪੁਲੀਸ ਕਰਮਚਾਰੀਆਂ ਉੱਤੇ ਪਥਰਾਅ ਅਤੇ ਬੋਤਲਾਂ ਦਾ ਸਹਾਰਾ ਲਿਆ। ਡੀਸੀਪੀ ਨੇ ਕਿਹਾ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੇ ਸਬੰਧ ਵਿੱਚ 27 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਹੋਰ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਇੱਕ ਟਰੈਫਿਕ ਮੋਟਰਸਾਈਕਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲੀਸ ਨੇ ਤੁਰੰਤ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਤਿੰਨ-ਚਾਰ ਪੁਲੀਸ ਵਾਹਨਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਘਟਨਾ ਦੌਰਾਨ ਸੰਤੋਸ਼ ਅਤੇ ਅੱਠ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।