ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਫਰਵਰੀ
ਦਿੱਲੀ ਸੈਰ ਸਪਾਟਾ ਵਿਭਾਗ ਵੱਲੋਂ 34ਵਾਂ ਗਾਰਡਨ ਟੂਰਿਜ਼ਮ ਫੈਸਟੀਵਲ ‘ਗਾਰਡਨ ਆਫ਼ ਫਾਈਵ ਸੈਂਸ’ ਵਿੱਚ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਮਾਗਮ ਦਾ ਉਦਘਾਟਨ ਕੀਤਾ। ਤਿਉਹਾਰ ਦਾ ਮੁੱਖ ਮੰਤਵ ਦਿੱਲੀ ਨੂੰ ਹਰਿਆ ਭਰਿਆ ਬਣਾਉਣਾ ਤੇ ਵਾਤਾਵਰਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ, ‘ਲੰਬੇ ਸਮੇਂ ਬਾਅਦ ਅਸੀਂ ਮੁਸ਼ਕਲ ਸਮੇਂ ਵਿੱਚੋਂ ਲੰਘਣ ਦੇ ਯੋਗ ਹੋ ਗਏ ਹਾਂ ਤੇ ਕਰੋਨਾ ਦੀ ਉਦਾਸੀ ਤੋਂ ਬਾਹਰ ਨਿਕਲਣ ਲਈ ਬਾਗ਼ ਸੈਰ-ਸਪਾਟਾ ਤਿਉਹਾਰ ਵਰਗੇ ਸਮਾਗਮ ਜ਼ਰੂਰੀ ਹਨ।’ ਉਪ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਆਪਣੇ ਪਰਿਵਾਰ ਨਾਲ ਕੁਦਰਤ ਦਾ ਅਨੰਦ ਲਓ, ਸੈਲਫੀ ਲਓ ਤੇ ਸਾਰਿਆਂ ਨੂੰ ਦੱਸੋ ਕਿ ਕਰੋਨਾ ਨੂੰ ਹਰਾ ਦਿੱਤਾ ਹੈ ਕਿਉਂਕਿ ਮੁਸ਼ਕਲ ਸਮਾਂ ਹੌਲੀ ਹੌਲੀ ਖ਼ਤਮ ਹੋਣ ਵਾਲਾ ਹੈ। ਇਸ ਤਿਉਹਾਰ ਦਾ ਅਨੰਦ ਲਓ, ਇਹ ਤਿਉਹਾਰ, ਜੋ ਪਹਿਲੇ 3 ਦਿਨਾਂ ਤੱਕ ਚਲਦਾ ਹੈ 3 ਹਫ਼ਤਿਆਂ ਤੱਕ ਰਹੇਗਾ।
ਦਿੱਲੀ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਇਆ ਜਾਂਦਾ ਗਾਰਡਨ ਟੂਰਿਜ਼ਮ ਫੈਸਟੀਵਲ ਪਹਿਲਾਂ ਤਿੰਨ ਦਿਨ ਹੁੰਦਾ ਸੀ, ਪਰ ਇਸ ਵਾਰ ਦਿੱਲੀ ਸਰਕਾਰ ਨੇ ਤਿੰਨ ਹਫ਼ਤਿਆਂ ਲਈ ਇਸ ਤਿਉਹਾਰ ਦਾ ਆਯੋਜਨ ਕੀਤਾ ਹੈ ਤਾਂ ਜੋ ਦਿੱਲੀ ਦੇ ਲੋਕ ਕੁਦਰਤ ਦੀ ਖੂਬਸੂਰਤੀ ਦਾ ਅਨੰਦ ਲੈ ਕੇ ਰਹਿਣ। ਪਿਛਲੇ 33 ਸਾਲਾਂ ਤੋਂ ਇਹ ਤਿਉਹਾਰ ਹਰ ਸਾਲ ਬਸੰਤ ਦੇ ਮੌਸਮ ਵਿੱਚ ਕਰਵਾਇਆ ਜਾਂਦਾ ਹੈ। ਦਿੱਲੀ ਸੈਰ-ਸਪਾਟਾ ਵਿਭਾਗ ਨੇ ਵੱਖ-ਵੱਖ ਥਾਵਾਂ ’ਤੇ ਇਸ ਤਿਉਹਾਰ ਦਾ ਆਯੋਜਨ ਕੀਤਾ ਹੈ। ਇਸ ਸਾਲ ਤਿਉਹਾਰ ‘ਕੁਦਰਤ ਦੇ ਰੰਗਾਂ’ ਦੇ ਥੀਮ ਦੇ ਨਾਲ ਗਾਰਡਨ ਆਫ਼ ਫਾਈਵ ਸੈਂਸ ਦੀ ਇਕ ਵਿਸ਼ਾਲ 22 ਏਕੜ ਜਗ੍ਹਾ ’ਤੇ ਹੋਣ ਜਾ ਰਿਹਾ ਹੈ। ਇਹ ਤਿਉਹਾਰ ਵਾਤਾਵਰਨ ਪ੍ਰੇਮੀ ਅਤੇ ਨਾਗਰਿਕਾਂ ਲਈ ਕਈ ਕਿਸਮਾਂ ਦੇ ਮੁਕਾਬਲੇ ਕਰਵਾਏਗਾ। ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਖਾਣ-ਪੀਣ ਦੀਆਂ ਸਟਾਲਾਂ ਵੀ ਸੈਲਾਨੀਆਂ ਨੂੰ ਇਕ ਸ਼ਾਨਦਾਰ ਤਜ਼ਰਬਾ ਪ੍ਰਦਾਨ ਕਰਨ ਲਈ ਲਗਾਈਆਂ ਗਈਆਂ ਹਨ।
13 ਮਾਰਚ ਤੱਕ ਚੱਲੇਗਾ ਫੈਸਟੀਵਲ
ਗਾਰਡਨ ਟੂਰਿਜ਼ਮ ਫੈਸਟੀਵਲ 19 ਫਰਵਰੀ ਤੋਂ 13 ਮਾਰਚ ਤੱਕ ਚੱਲੇਗਾ। ਸੈਲਾਨੀ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਸਵੇਰੇ 11:00 ਵਜੇ ਤੋਂ ਸ਼ਾਮ 7:30 ਵਜੇ ਤੱਕ ਇਸ ਮੇਲੇ ਵਿੱਚ ਸ਼ਾਮਲ ਹੋ ਸਕਦੇ ਹਨ। ਇੱਥੇ ਪਹੁੰਚਣ ਲਈ ਸਭ ਤੋਂ ਨੇੜੇ ਦਾ ਮੈਟਰੋ ਸਟੇਸ਼ਨ ਸਾਕੇਤ ਹੈ, ਜੋ ਕਿ ਪੀਲੀ ਲਾਈਨ ’ਤੇ ਹੈ। ਸਾਕੇਤ ਮੈਟਰੋ ਤੋਂ ਸਥਾਨ ਤੱਕ ਯਾਤਰੀਆਂ ਲਈ ਮੁਫਤ ਸ਼ਟਲ ਸੇਵਾ ਵੀ ਉਪਲਬਧ ਹੈ। ਉਦਘਾਟਨ ਸਮਾਗਮ ਵਿਚ ਨਿਜ਼ਾਮੀ ਭਰਾਵਾਂ ਦੁਆਰਾ ਕੀਤੀ ਕਵਾਲਵਾਲੀ ਖਿੱਚ ਦਾ ਕੇਂਦਰ ਰਹੀ।