ਨਵੀਂ ਦਿੱਲੀ: ਇਥੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਗੁਰਦੁਆਰਾ ਗੁਰੂ ਸਿੰਘ ਸਭਾ ਵਿਸ਼ਨੂ ਗਾਰਡਨ ਵਿੱਚ ਗੁਰਮੁਖੀ ਦਾ ਪ੍ਰਚਾਰ ਕੀਤਾ ਗਿਆ, ਜਿਸ ਵਿੱਚ ਬਹੁਤ ਹੀ ਸੁੰਦਰ ਰੂਪ ਵਿੱਚ ਲਿਖੇ ਗੁਰਮੁਖੀ ਲਿਪੀ ਦੇ 35 ਅੱਖਰ ਸੋਹਣੇ ਅੰਦਾਜ਼ ਵਿੱਚ ਦੀਵਾਰ ’ਤੇ ਸਜਾਏ ਗਏ। ਇਸ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਗੁਰਦੁਆਰਾ ਸਿੰਘ ਸਭਾ ਵਿਸ਼ਨੂੰ ਗਾਰਡਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਕਰਮਸਰ ਨੇ ਸੰਗਤ ਨੂੰ ਮਾਂ ਬੋਲੀ ਦਿਵਸ ਦੀ ਵਧਾਈ ਦਿੰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸੂਚਨਾ ਤੇ ਤਕਨੀਕ ਦੇ ਬਦਲਦੇ ਇਸ ਦੌਰ ਵਿੱਚ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ ਪਰ ਜੇ ਅਸੀਂ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਵਾਂਗੇ ਤਾਂ ਇਹ ਗੁਲਾਮੀ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਨੇ ਖਾਸਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ’ਤੇ ਸਖ਼ਤੀ ਨਾਲ ਪਹਿਰਾ ਦਿੰਦੇ ਹੋਏ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਅਤੇ ਨਾਲ ਹੀ ਕਿਹਾ ਕਿ ਆਓ ਅਸੀਂ ਸਾਰੇ ਫਿਰ ਤੋਂ ਆਪਣੇ ਘਰ-ਪਰਿਵਾਰਾਂ ਅੰਦਰ ਮਾਂ ਬੋਲੀ ਦਾ ਬੂਟਾ ਲਾਈਏ ਤੇ ਆਪਣੀ ਨਵੀਂ ਪਨੀਰੀ ਨੂੰ ਪੈਂਤੀ ਅੱਖਰੀ ਦੀ ਅਣਮੁੱਲੀ ਦਾਤ ਤੋਂ ਰੂ-ਬ-ਰੂ ਕਰਵਾਉਂਦੇ ਹੋਏ ਮਾਂ ਬੋਲੀ ਦਾ ਮਾਣ ਵਧਾਈਏ।