ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਦਸੰਬਰ
ਦਿੱਲੀ ਵਿੱਚ ਓਮੀਕਰੋਨ ਤੇ ਕਰੋਨਾਵਾਇਰਸ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਵਿਚਕਾਰ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਕਰਮਣ ਲਈ ਸਕਾਰਾਤਮਕ ਟੈਸਟ ਕਰਨ ਵਾਲੇ ਸਾਰੇ ਨਮੂਨੇ ਹੁਣ ਜੀਨੋਮ ਸੀਕਵੈਂਸਿੰਗ ਲਈ ਭੇਜੇ ਜਾਣਗੇ। ਉਨ੍ਹਾਂ ਨੇ ਕੇਂਦਰ ਨੂੰ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਸ਼ਹਿਰ ਵਾਸੀਆਂ ਨੂੰ ਬੂਸਟਰ ਸ਼ਾਟਸ ਦੀ ਇਜਾਜ਼ਤ ਦੇਣ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਨੇ ਲੋਕਾਂ ਨੂੰ ਘਬਰਾਉਣ ਤੇ ਮਾਸਕ ਪਹਿਨਣ ਦੀ ਅਪੀਲ ਕੀਤੀ ਕਿਉਂਕਿ ਇਹ ਵਾਇਰਸ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਸੁਰੱਖਿਆ ਹਨ। ਕੇਜਰੀਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਕੋਵਿਡ -19 ਦੇ ਮਾਮਲੇ ਵਧ ਰਹੇ ਹਨ। ਕੱਲ੍ਹ (ਐਤਵਾਰ) ਇਹ 100 ਤੋਂ ਵੱਧ ਸੀ। ਨਹੀਂ ਪਤਾ ਕਿ ਇਹ ਕੋਵਿਡ ਦੇ ਕਿਸ ਕਿਸਮ ਦੇ ਕੇਸ ਹਨ ਆਮ ਜਾਂ ਓਮੀਕਰੋਨ ਸਰੂਪ। ਇਸ ਲਈ ਪਤਾ ਲਗਾਉਣ ਲਈ ਇਸ ਲਈ ਹੁਣ ਜੀਨੋਮ ਸੀਕੁਵੈਂਸਿੰਗ ਲਈ ਸਾਰੇ ਮਾਮਲਿਆਂ ਦੇ ਨਮੂਨੇ ਭੇਜਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਦੇ ਅਨੁਸਾਰ ਇਹ ਫੈਸਲਾ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਦੀ ਮੀਟਿੰਗ ਵਿੱਚ ਲਿਆ ਗਿਆ ਸੀ ਜਿਸ ਦੌਰਾਨ ਓਮੀਕਰੋਨ ਸਥਿਤੀ, ਇਸਦੇ ਸੰਭਾਵੀ ਪ੍ਰਭਾਵਾਂ ਤੇ ਇਸ ਨਾਲ ਨਜਿੱਠਣ ਦੇ ਕਦਮਾਂ ਸਮੇਤ, ਵਿਚਾਰ-ਵਟਾਂਦਰਾ ਕੀਤਾ ਗਿਆ। ਦਿੱਲੀ ਵਿੱਚ ਹੁਣ ਤੱਕ ਓਮੀਕਰੋਨ ਸਰੂਪ ਦੇ 24 ਮਾਮਲੇ ਸਾਹਮਣੇ ਆਏ ਹਨ। ਕੇਜਰੀਵਾਲ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਿੱਲੀ ਵਾਸੀਆਂ ਨੂੰ ਬੂਸਟਰ ਸ਼ਾਟਸ ਦੇ ਪ੍ਰਸ਼ਾਸਨ ਦੀ ਇਜ਼ਾਜਤ ਦੇਵੇ ਜਿਨ੍ਹਾਂ ਨੂੰ ਪਹਿਲਾਂ ਹੀ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਆਬਾਦੀ ਵਿੱਚੋਂ ਲਗਪੱਗ 99 ਫੀਸਦੀ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਲਗਪੱਗ 70 ਫੀਸਦੀ ਨੂੰ ਦੋਵਾਂ ਖੁਰਾਕਾਂ ਨਾਲ ਟੀਕਾ ਲਗਾਇਆ ਗਿਆ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਹੋਮ ਆਈਸੋਲੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ।