ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਜਨਵਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪਰਵਾਸੀ ਮਜ਼ਦੂਰਾਂ ਅਤੇ ਕਾਰੋਬਾਰੀਆਂ ਦੇ ਡਰ ਨੂੰ ਦੂਰ ਕਰਦੇ ਹੋਏ ਕਿਹਾ ਕਿ ਰੋਜ਼ੀ-ਰੋਟੀ ਦੀ ਰੱਖਿਆ ਲਈ ਉਨ੍ਹਾਂ ਦੀ ਕੋਸ਼ਿਸ਼ ਘੱਟੋ-ਘੱਟ ਕੋਵਿਡ ਪਾਬੰਦੀਆਂ ਲਗਾਉਣ ਦੀ ਹੈ। ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਘੱਟ ਹੈ ਅਤੇ ਜੇਕਰ ਹਰ ਕੋਈ ਮਾਸਕ ਪਹਿਨਦਾ ਹੈ ਤਾਂ ਤਾਲਾਬੰਦੀ ਦੀ ਲੋੜ ਨਹੀਂ ਪਵੇਗੀ। ਤਾਲਾਬੰਦੀ ਦੇ ਖਦਸ਼ਿਆਂ ਦੇ ਚੱਲਦੇ ਦਿੱਲੀ ਦੇ ਪਰਵਾਸੀ ਮਜ਼ਦੂਰ ਸਹਿਮੇ ਹੋਏ ਹਨ ਤੇ ਉਨ੍ਹਾਂ ਨੂੰ ਬੀਤੇ ਸਮੇਂ ਵਿੱਚ ਲੱਗੇ ਲੌਕਡਾਊਨ ਦੇ ਤਜਰਬੇ ਹਨ। ਤਾਲਾਬੰਦੀ ਉਨ੍ਹਾਂ ਨੂੰ ਇੱਕ ਗੰਭੀਰ ਵਿੱਤੀ ਸੰਕਟ ਵਿੱਚ ਪਾ ਸਕਦਾ ਹੈ। ਕੇਜਰੀਵਾਲ ਨੇ ਕਿਹਾ, ‘‘ਕੋਵਿਡ ਦੇ ਵਧਦੇ ਕੇਸ ਚਿੰਤਾ ਦਾ ਵਿਸ਼ਾ ਹਨ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਬਹੁਤ ਘੱਟ ਲੋਕ ਹਸਪਤਾਲ ਵਿੱਚ ਦਾਖਲ ਹੋ ਰਹੇ ਹਨ। ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਮਾਸਕ ਪਹਿਨਣਾ ਜਾਰੀ ਰੱਖਦੇ ਹੋ ਤਾਂ ਕੋਈ ਤਾਲਾਬੰਦੀ ਨਹੀਂ ਹੋਵੇਗੀ। ਹੁਣ ਤੱਕ ਲੌਕਡਾਊਨ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।’
ਦਿੱਲੀ ਸਰਕਾਰ ਨੇ ਪਹਿਲਾਂ ਹੀ ਕਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਹੋਰ ਪਾਬੰਦੀਆਂ ਦੇ ਨਾਲ-ਨਾਲ ਰਾਤ ਅਤੇ ਸ਼ਨਿਚਰਵਾਰ ਦੇ ਕਰਫਿਊ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੇ ਕੇਂਦਰ ਨਾਲ ਮਿਲ ਕੇ ਕੋਵਿਡ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਕੋਸ਼ਿਸ਼ ਘੱਟੋ-ਘੱਟ ਪਾਬੰਦੀਆਂ ਲਗਾਉਣ ਦੀ ਹੈ ਤਾਂ ਜੋ ਰੋਜ਼ੀ-ਰੋਟੀ ਪ੍ਰਭਾਵਿਤ ਨਾ ਹੋਵੇ।
ਉਥੇ ਹੀ ਦਿੱਲੀ ’ਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 22,751 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਪਿਛਲੇ 24 ਘੰਟਿਆਂ ’ਚ ਕਰੋਨਾ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਵਿੱਚ ਕਰੋਨਾ ਲਾਗ ਦੀ ਦਰ ਵਧ ਕੇ 23.53 ਫ਼ੀਸਦ ਹੋ ਗਈ ਹੈ।
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਵਾਰ ਕੋਵਿਡ ਦੇ ਜ਼ਿਆਦਾਤਰ ਮਾਮਲੇ ਹਲਕੇ ਜਾਂ ਲੱਛਣ ਰਹਿਤ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਨ ਦੀ ਲੋੜ ਨਹੀਂ ਹੈ। ਜੈਨ ਨੇ ਕਿਹਾ ਕਿ ਦਿੱਲੀ ਨੇ ਇਸ ਵਾਰ ਕਰੋਨਾਵਾਇਰਸ ਦੀ ਪਹਿਲੀ ਲਹਿਰ ਦੇ ਮੁਕਾਬਲੇ ਛੇ ਗੁਣਾ ਘੱਟ ਹਸਪਤਾਲ ਦਾਖਲ ਹੋਣ ਦੀ ਰਿਪੋਰਟ ਕੀਤੀ ਹੈ। ਚੈਂਬਰ ਆਫ ਟਰੇਡ ਐਂਡ ਇੰਡਸਟਰੀ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਅਤੇ ਪ੍ਰਧਾਨ ਸੁਭਾਸ਼ ਖੰਡੇਲਵਾਲ ਨੇ ਕਿਹਾ ਕਿ ਕਾਰੋਬਾਰੀ ਤਾਲਾਬੰਦੀ ਨੂੰ ਲੈ ਕੇ ਚਿੰਤਤ ਹਨ।
ਦਿੱਲੀ ਕਮੇਟੀ ਵੱਲੋਂ 100 ਆਈਸੀਯੂ ਬਿਸਤਰਿਆਂ ਦਾ ਪ੍ਰਬੰਧ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਓਮੀਕਰੋਨ ਦੇ ਮੱਦੇਨਜ਼ਰ ਹੁਣ ਦਿੱਲੀ ਸਰਕਾਰ ਨੇ ਫਿਰ ਦਿੱਲੀ ਕਮੇਟੀ ਕੋਲ ਪਹੁੰਚ ਕੀਤੀ ਹੈ ਤੇ ਬਾਲਾ ਸਾਹਿਬ ਹਸਪਤਾਲ ਵਿਚ 100 ਆਈਸੀਯੂ ਬੈੱਡ ਉਪਲਬਧ ਕਰਵਾ ਦਿੱਤੇ ਹਨ, ਜਿਸ ਨਾਲ ਇਸ ਖ਼ਤਰੇ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਜੋ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਹ ਸਿਰਫ ਤੇ ਸਿਰਫ ਦਿੱਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਓਮੀਕਰੋਨ ਸੰਕਟ ਦੇ ਮੱਦੇਨਜ਼ਰ ਸਿਹਤ ਸੇਵਾਵਾਂ ਦਾ ਦਾਇਰਾ ਹੋਰ ਵਧਾਇਆ ਜਾਵੇਗਾ।
ਫਰੀਦਾਬਾਦ ਵਿੱਚ ਐਤਵਾਰ ਨੂੰ 878 ਨਵੇਂ ਮਾਮਲੇ
ਫਰੀਦਾਬਾਦ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਜਤਿੰਦਰ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾਵਾਇਰਸ ਦੇ 878 ਮਾਮਲੇ ਪਾਜ਼ੇਟਿਵ ਆਏ ਹਨ। ਕਰੋਨਾ ਨੂੰ ਮਾਤ ਦੇ ਕੇ 31 ਲੋਕ ਸਿਹਤਮੰਦ ਵੀ ਹੋਏ ਹਨ। ਦੂਜੇ ਪਾਸੇ ਜ਼ਿਲ੍ਹੇ ਵਿੱਚ ਐਤਵਾਰ ਨੂੰ ਵੀ ਰਿਕਵਰੀ ਦਰ 96.46 ਫ਼ੀਸਦੀ ਰਹੀ। ਯਾਦਵ ਨੇ ਦੱਸਿਆ ਕਿ ਹਸਪਤਾਲ ਵਿੱਚ ਕਰੋਨਾ ਪਾਜ਼ੇਟਿਵ ਦੇ 73 ਕੇਸ ਦਾਖ਼ਲ ਹਨ। ਜਦੋਂ ਕਿ ਜ਼ਿਲ੍ਹੇ ਵਿੱਚ 2,859 ਲੋਕਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ ਵੀ 2932 ਹੋ ਗਈ ਹੈ, ਜਦਕਿ ਕਈ ਲੋਕ ਕਰੋਨਾ ਨੂੰ ਮਾਤ ਦੇ ਕੇ ਸਿਹਤਮੰਦ ਹੋ ਗਏ ਹਨ। ਜ਼ਿਲ੍ਹੇ ਵਿੱਚ ਕਰੋਨਾ ਦੀ ਲਾਗ ਦੀ ਰਫ਼ਤਾਰ ਨੂੰ ਰੋਕਣ ਲਈ ਟੈਸਟਿੰਗ ਤੇ ਟੀਕਾਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ 3486 ਲੋਕਾਂ ਦੀ ਜਾਂਚ ਕੀਤੀ ਗਈ।