ਪੱਤਰ ਪ੍ਰੇਰਕ
ਨਵੀਂ ਦਿੱਲੀ 16 ਨਵੰਬਰ
ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਡੂਟਾ) ਦੀ ਚੋਣ 26 ਨਵੰਬਰ ਨੂੰ ਹੋਵੇਗੀ। ਅਧਿਆਪਕ ਜਥੇਬੰਦੀਆਂ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਹਾਸਲ ਕਰਨ ਲਈ ਜ਼ੋਰ-ਅਜ਼ਮਾਈ ਕਰ ਰਹੀਆਂ ਹਨ। ਚੋਣਾਂ ਵਿੱਚ ਡੀਯੂ ਅਧਿਆਪਕਾਂ ਦੀ ਦਿਲਚਸਪੀ ਜੇਐਨਯੂ ਅਧਿਆਪਕਾਂ ਨਾਲੋਂ ਘੱਟ ਨਹੀਂ ਹੈ। ਉਮੀਦਵਾਰ ਵੀ ਜੇਐਨਯੂ ਕੈਂਪਸ ਦੇ ਚੱਕਰ ਲਗਾ ਰਹੇ ਹਨ। ਡੀਯੂ ਵਿੱਚ ਤਰੱਕੀ, ਐਡਹਾਕ ਅਧਿਆਪਕਾਂ ਨੂੰ ਰੈਗੂਲਰ ਕਰਨਾ ਮੁੱਖ ਚੋਣ ਮੁੱਦੇ ਹਨ। ਪ੍ਰਧਾਨ ਦੇ ਅਹੁਦੇ ਲਈ ਇਸ ਵਾਰ ਮੁੱਖ ਮੁਕਾਬਲਾ ਖੱਬੇ ਪੱਖੀ ਅਧਿਆਪਕਾਂ ਦੇ ਸੰਗਠਨ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) , ਭਾਜਪਾ ਸਮਰਥਿਤ ਅਧਿਆਪਕਾਂ ਦੀ ਜਥੇਬੰਦੀ ਨੈਸ਼ਨਲ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਐੱਨ.ਡੀ.ਟੀ.ਐੱਫ.) ਤੇ ਕਾਂਗਰਸ ਸਮਰਥਿਤ ਅਕਾਦਮਿਕ ਸੰਗਠਨ ਅਕਾਦਮਿਕ ਫਾਰ ਐਕਸ਼ਨ ਐਂਡ ਡਿਵੈਲਪਮੈਂਟ (ਏ.ਏ.ਡੀ.) ਵਿਚਕਾਰ ਹੈ। ਭਾਜਪਾ 22 ਸਾਲਾਂ ਬਾਅਦ ਡੂਟਾ ਦੇ ਪ੍ਰਧਾਨ ਦੇ ਅਹੁਦੇ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਖੱਬੇ ਪੱਖੀ ਅਧਿਆਪਕ ਜਥੇਬੰਦੀ ਡੀਟੀਐਫ ਪ੍ਰਧਾਨ ਦਾ ਅਹੁਦਾ ਬਚਾਉਣ ਲਈ ਯਤਨਸ਼ੀਲ ਹੈ। ਪਿਛਲੇ 22 ਸਾਲਾਂ ਤੋਂ, ਐੱਨਡੀਟੀਐੱਫ ਦਾ ਕੋਈ ਵੀ ਉਮੀਦਵਾਰ ਡੂਟਾ ਪ੍ਰਧਾਨ ਦੇ ਅਹੁਦੇ ‘ਤੇ ਕਬਜ਼ਾ ਨਹੀਂ ਕਰ ਸਕਿਆ ਹੈ। ਇਸ ਵਾਰ ਐਨਡੀਟੀਐਫ ਨੂੰ ਆਸ ਹੈ ਕਿ ਇਸ ਨੂੰ ਯੂਨੀਵਰਸਿਟੀ ਵਿੱਚ ਰਿਕਾਰਡ ਤਰੱਕੀ ਦਾ ਲਾਭ ਮਿਲੇਗਾ। ਡੀਯੂ ਵਿੱਚ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਤਰੱਕੀ ਦਿੱਤੀ ਜਾ ਚੁੱਕੀ ਹੈ। ਤਰੱਕੀਆਂ ਦਾ ਅਸਰ ਹਾਲ ਹੀ ਵਿੱਚ ਹੋਈਆਂ ਕਾਰਜਕਾਰੀ ਕੌਂਸਲ ਦੀਆਂ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਿਆ। ਇਸ ਵਿੱਚ ਜੇਐਨਯੂ ਦੀ ਅਹਿਮ ਭੂਮਿਕਾ ਹੈ।