ਪੱਤਰ ਪ੍ਰੇਰਕ
ਨਵੀਂ ਦਿੱਲੀ 4 ਅਗਸਤ
ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਦਾ ਦਿਨ ਨੌਜਵਾਨਾਂ ਲਈ ਰਾਖਵਾਂ ਰੱਖਿਆ। ਸਟੇਜ ਦੀ ਸਾਰੀ ਕਾਰਵਾਈ ਨੌਜਵਾਨਾਂ ਨੇ ਚਲਾਈ। ਅੱਜ ਨੌਜਵਾਨ ਬੁਲਾਰਿਆਂ ਗਗਨ ਮੂਨਕ, ਬਿੱਟੂ ਮੱਲਣ ਅਤੇ ਰਘਵੀਰ ਘਰਾਚੋਂ ਨੇ ਸਟੇਜ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਹੇ ਕਿਸਾਨ ਸ਼ਾਇਦ ਸਿਰਫ ਬਜ਼ੁਰਗ ਹੀ ਹਨ। ਉਨ੍ਹਾਂ ਕਿਹਾ ਕਿ ਭਾਵੇਂ ਖੇਤੀ ਸਬੰਧੀ ਬਣਾਏ ਗਏ ਕਾਨੂੰਨ ਹੋਣ ਜਾਂ ਹੋਰ ਲੋਕ ਦੋਖੀ ਨੀਤੀਆਂ ਹੋਣ ਜਿਨ੍ਹਾਂ ਨੇ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਵਾਂਝੇ ਰੱਖਿਆ ਹੋਇਆ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਵੱਡੇ ਖਰਚੇ ਕਰਕੇ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਵਿੱਚ ਜਾ ਰਹੀ ਹੈ। ਇਹ ਸਭ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਨੀਤੀਆਂ ਕਾਰਨ ਹੋ ਰਿਹਾ ਹੈ।
ਮਾਨਸਾ ਜ਼ਿਲ੍ਹੇ ਤੋਂ ਜਗਸੀਰ ਸਿੰਘ ਜਵਾਹਰ ਕੇ, ਰਣਦੀਪ ਸਿੰਘ ਬਰਨਾਲਾ ਅਤੇ ਗੁਰਵੀਰ ਸਿੰਘ ਪਟਿਆਲਾ ਨੇ ਕਿਹਾ ਕਿ ਨੌਜਵਾਨ ਇਨ੍ਹਾਂ ਗੱਲਾਂ ਨੂੰ ਸਮਝਦੇ ਹਨ ਕਿ ਕਿਸਾਨਾਂ ਨੂੰ ਮਿਲ ਰਹੀਆਂ ਸਬਸਿਡੀਆਂ ’ਤੇ ਲਗਾਤਾਰ ਕੱਟ ਲੱਗ ਰਹੇ ਹਨ ਤੇ ਵੱਡੀਆਂ ਕੰਪਨੀਆਂ ਨੂੰ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਹੀ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਭਾਅ ਅਸਮਾਨੀਂ ਚੜ੍ਹ ਰਹੇ ਹਨ, ਜਿਨ੍ਹਾਂ ਦਾ ਲਾਭ ਸਿਰਫ ਵੱਡੇ ਪੂੰਜੀਪਤੀਆਂ ਨੂੰ ਹੋ ਰਿਹਾ ਹੈ। ਆਗੂਆਂ ਨੇ ਨੌਜਵਾਨਾਂ ਨੂੰ ਕਿਹਾ ਕਿ ਹੁਣ ਘਰੇ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ, ਸਗੋਂ ਪਿੰਡਾਂ ਵਿਚ ਜਾ ਕੇ ਕਿਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਇਨ੍ਹਾਂ ਸੰਘਰਸ਼ਾਂ ਨੂੰ ਤਕੜਾਈ ਦੇਣ ਲਈ ਹਰ ਹੰਭਲਾ ਮਾਰ ਰਹੇ ਹਨ।
ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਜਪਾ ਹਕੂਮਤ ਬੌਖਲਾਹਟ ਵਿੱਚ ਆਈ ਹੋਈ ਹੈ। ਇਨ੍ਹਾਂ ਦੇ ਮੰਤਰੀ ਤੇ ਆਗੂ ਕਿਸਾਨਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲ ਰਹੇ ਹਨ।
ਖੇਤੀ ਮੰਤਰੀ ਦਾ ਬਿਆਨ ਸ਼ਰਮਨਾਕ: ਅਰਸ਼ੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸਿੰਘੂ ਬਾਰਡਰ ਤੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਆਗੂ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਭਾਰਤ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਬਾਰੇ ਦਿੱਤੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰ ਵੀ ਕਿਸਾਨਾਂ ਵਰਗੇ ਹਨ, ਜੋ ਸਿਰਫ਼ ਰੌਲਾ ਪਾਉਣਾ ਜਾਣਦੇ ਹਨ। ਗੱਲਬਾਤ ਲਈ ਸਾਰਥਕ ਪ੍ਰਸਤਾਵ ਨਹੀਂ ਲੈ ਕੇ ਆਉਂਦੇ। ਤੋਮਰ ਦਾ ਉਕਤ ਬਿਆਨ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਬਰਾਬਰ ਹੈ, ਜੋ 8 ਮਹੀਨਿਆਂ ਤੋਂ ਅੱਤ ਦੀ ਸਰਦੀ, ਗਰਮੀ ਤੇ ਮੀਹਾਂ ਵਿੱਚ ਵੀ ਆਪਣੇ ਹੱਕਾਂ ਲਈ ਚੱਟਾਨ ਵਾਂਗ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਤੋਮਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੌਲਾ ਰੱਲਾ ਪਾਉਣ ਵਾਲੇ ਕਿਸਾਨ ਸ਼ਹੀਦੀਆਂ ਪ੍ਰਾਪਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਦਾ ਬਿਆਨ ਭਾਜਪਾ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਸਿਰਫ਼ ਅਡਾਨੀਆਂ/ਅੰਬਾਨੀਆਂ ਤੋਂ ਬਿਨਾਂ ਦੇਸ਼ ਦੇ ਕਰੋੜਾਂ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ।