ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਮੋਤੀ ਨਗਰ ਤਾਂਗਾ ਸਟੈਂਡ ਵਾਲੇ ਦਾਖ਼ਲਾ ਦਰਵਾਜ਼ੇ ਦੀ ‘ਗੁਰੂ ਗੋਬਿੰਦ ਸਿੰਘ ਦੁਆਰ’ ਦੇ ਤੌਰ ’ਤੇ ਕਾਇਆਕਲਪ ਅਤੇ ਨਵੀਨੀਕਰਨ ਦੀ ਕਾਰਸੇਵਾ ਸੰਪੂਰਨ ਹੋਣ ਦੇ ਸ਼ੁਕਰਾਨੇ ਵਜੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਵਿੱਚ ਹਜ਼ੂਰੀ ਰਾਗੀ ਭਾਈ ਬਲਵੰਤ ਸਿੰਘ ਦਰਵੇਸ਼ ਵੱਲੋਂ ਕੀਰਤਨ ਦੀ ਹਾਜ਼ਰੀ ਭਰਨ ਉਪਰੰਤ ਗਿਆਨੀ ਹਰਪਾਲ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਨੇ ਸੰਗਤ ਨਾਲ ਗੁਰਮਤਿ ਵਿਚਾਰ ਦੀ ਸਾਂਝ ਪਾਈ। ਇਸ ਤੋਂ ਪਹਿਲਾਂ ਸੰਗਤ ਵੱਲੋਂ ਅਰਦਾਸ ਉਪਰੰਤ ‘ਗੁਰੂ ਗੋਬਿੰਦ ਸਿੰਘ ਦੁਆਰ’ ਨਗਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੌਰਾਨ ਇਸ ਕਾਰਜ ਵਿੱਚ ਸਹਿਯੋਗ ਕਰਨ ਵਾਲੇ ਸਿਆਸੀ ਤੇ ਸਮਾਜਿਕ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਨੇ ਕਿਹਾ ਕਿ ਇਸ ਦਰਵਾਜ਼ੇ ਦਾ ਨਾਮ ‘ਗੁਰੂ ਗੋਬਿੰਦ ਸਿੰਘ ਦੁਆਰ’ ਰਖਵਾਉਣ ਪ੍ਰਤੀ ਯਤਨਸ਼ੀਲ ਸਨ। ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਤੇ ਕੌਂਸਲਰ ਵਿਪਿਨ ਮਲਹੋਤਰਾ ਨੇ ਸੰਗਤ ਦੇ ਇਸ ਸੁਫ਼ਨੇ ਨੂੰ ਪੂਰਾ ਕੀਤਾ ਤੇ ਵਿਧਾਇਕ ਸ਼ਿਵ ਚਰਨ ਗੋਇਲ ਨੇ ਦਾਖ਼ਲਾ ਦਰਵਾਜ਼ੇ ਉੱਤੇ ਲਾਈਟ ਦਾ ਪ੍ਰਬੰਧ ਕਰਵਾਇਆ। ਜਨਰਲ ਸਕੱਤਰ ਰਵਿੰਦਰ ਸਿੰਘ ਤੇ ਹੋਰ ਅਹੁਦੇਦਾਰਾਂ ਵੱਲੋਂ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ। ਜ਼ਿਕਰਯੋਗ ਹੈ ਕਿ ਮੋਤੀ ਨਗਰ ਮੈਟਰੋ ਸਟੇਸ਼ਨ ਦੇ ਨੇੜੇ ਨਜਫਗੜ੍ਹ ਰੋਡ ਵਾਲੇ ਪਾਸੇ 42 ਫੁੱਟ ਚੌੜੇ ਤੇ 20 ਫੁੱਟ ਉੱਚੇ ਇਸ ਦਾਖ਼ਲਾ ਦਰਵਾਜ਼ੇ ਦੀ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਆਪਣੇ ਵਿੱਤੀ ਸਰੋਤਾਂ ਰਾਹੀਂ ਕਰਵਾਈ ਗਈ ਹੈ।