ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਬੀਕੇਯੂ ਮਾਨਸਾ ਦੇ ਸੂਬਾਈ ਆਗੂ ਬੇਅੰਤ ਸਿੰਘ ਮਹਿਮਾ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਤੇ ਕਿਸਾਨ ਸੰਘਰਸ਼ ਸਮਿਤੀ ਆਸਾਮ ਤੋ ਦਵਿੰਦਰ ਨਾਥ ਸ਼ਰਮਾ ਪਹੁੰਚੇ ਪ੍ਰਧਾਨਗੀ ਮੰਡਲ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਅਸਾਮ ਦੇ ਆਗੂ ਨੇ ਸੰਬੋਧਨ ’ਚ ਕਿਹਾ ਸਾਡਾ ਸੂਬਾ ਦਿੱਲੀ ਤੋਂ ਬਹੁਤ ਦੂਰ ਹੈ ਅਸੀਂ ਇਸ ਮੋਰਚੇ ਅੰਦਰ ਆਪਣੇ ਰਾਜ ਦੇ ਕਿਸਾਨਾਂ ਵੱਲੋਂ ਇੱਕਜੁਟਤਾ ਪਰਗਟ ਕਰਨ ਲਈ ਪਹੁੰਚੇ ਹਾਂ ਅਸੀਂ ਭਾਵੇਂ ਇੱਥੇ ਨਾ ਪਹੁੰਚ ਸਕੀਏ ਪਰ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਅਸੀਂ ਆਪਣੇ ਰਾਜ ਅੰਦਰ ਪੂਰੀ ਦ੍ਰਿੜਤਾ ਨਾਲ ਲਾਗੂ ਕਰਦੇ ਹਾਂ। ਅਸੀਂ ਯਕੀਨ ਦਿਵਾਉਂਦੇ ਹਾਂ ਕਿ ਇਸ ਅੰਦੋਲਨ ਨੂੰ ਕਿਸਾਨਾਂ ਦੀ ਜ਼ਿੰਦਗੀ ਮੌਤ ਦੀ ਲੜਾਈ ਸਮਝਦਿਆਂ ਹੋਇਆਂ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਤੇ ਕਾਨੂੰਨ ਬਣਾਉਣ ਲਈ ਹਰ ਕੁਰਬਾਨੀ ਕਰਾਂਗੇ। ਇਸ ਮੌਕੇ ਕੁਲਵੰਤ ਕਿਸ਼ਨਗੜ੍ਹ ਅਤੇ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਕਿਹਾ ਕਿ 5 ਅਗਸਤ ਨੂੰ ਉੱਘੇ ਅਰਥ ਸ਼ਾਸਤਰੀ ਅਤੇ ਖੇਤੀਬਾੜੀ ਮਾਹਰ ਕਿਸਾਨ ਸੰਸਦ ਨੂੰ ਸੰਬੋਧਨ ਕਰਨਗੇ। ਇਸ ਮੌਕੇ ਕਾਕਾ ਸਿੰਘ ਬਰਾੜ ਖਾਰਾ ਅਤੇ ਗੁਰਿੰਦਰ ਸਿੰਘ ਖਹਿਰਾ ਨੇ ਬੋਲਦਿਆਂ ਕਿਹਾ ਕਿ ਖੇਤੀ ਸੁਧਾਰਾਂ ਦੇ ਨਾਮ ਹੇਠ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਅਤੇ ਉਨ੍ਹਾਂ ਦੇ ਵਿਕਸਤ ਅਮੀਰ ਦੇਸ਼ਾਂ ਅਤੇ ਘੱਟ ਅਵਿਕਸਤ ਗ਼ਰੀਬ ਦੇਸ਼ਾਂ ਵਿੱਚ ਲਾਗੂ ਹੋਣ ਦੇ ਮੁਕਾਬਲਤਨ ਤਜਰਬੇ ਬਾਰੇ ਵੀ ਆਰਥਿਕ ਮਾਹਰ ਚਾਨਣਾ ਪਾਉਣਗੇ।
ਇਸ ਮੌਕੇ ਮਾਸਟਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਪੂੰਜੀਪਤੀ ਘਰਾਣਿਆਂ ਨੂੰ ਮਾਲਾ ਮਾਲ ਅਤੇ ਦੇਸ਼ ਦੇ ਲੋਕਾਂ ਨੂੰ ਕੰਗਾਲ ਕਰਕੇ ਮੁੜ ਗੁਲਾਮੀ ਦੀਆਂ ਜ਼ੰਜੀਰਾਂ ’ਚ ਜਕੜਨ ਜਾ ਰਹੀ ਹੈ, ਅਖੀਰ ’ਚ ਉਨ੍ਹਾਂ ਕਿਹਾ ਕਿ ਜਦ ਤੱਕ ਕਾਲੇ ਇੱਕ ਨੂੰ ਰੱਦ ਨਹੀਂ ਹੁੰਦੇ ਕਿਸਾਨ ਮੋਰਚੇ ਵੱਲੋਂ ਸੰਘਰਸ਼ ਜਾਰੀ ਰਹੇਗਾ।
ਮੋਰਚੇ ਦੀ ਸਫ਼ਲਤਾ ਲਈ ਪਿੰਡਾਂ ਵਿੱਚ ਲਾਮਬੰਦੀ ਵਧਾਉਣ ਦੀ ਲੋੜ: ਉਗਰਾਹਾਂ
ਨਵੀਂ ਦਿੱਲੀ: ਟਿਕਰੀ ਹੱਦ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗਦਰੀ ਗੁਲਾਬ ਕੌਰ ਨਗਰ ਵਿੱਚ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਇਹ ਮੋਰਚਾ ਲੰਮਾ ਸਮਾਂ ਚਲਾਉਣ ਵਾਸਤੇ ਸਾਨੂੰ ਪਿੰਡਾਂ ਦੇ ਵਿੱਚ ਤਿਆਰੀਆਂ ਹੋਰ ਵੱਧ ਕਰ ਦੇਣੀਆਂ ਚਾਹੀਦੀਆਂ ਹਨ। ਪੰਜਾਬ ਅਤੇ ਦਿੱਲੀ ਦੇ ਲੱਗੇ ਹੋਏ ਮੋਰਚਿਆਂ ਵਿੱਚ ਲੋਕਾਂ ਨੂੰ ਸਿਆਸੀ ਤੌਰ ’ਤੇ ਚੇਤੰਨ ਕੀਤਾ ਜਾਵੇ ਕਿ ਇਨ੍ਹਾਂ ਕਾਨੂੰਨਾਂ ਦੇ ਪਿੱਛੇ ਖੜ੍ਹੀਆਂ ਤਿੰਨ ਵੱਡੀਆਂ ਤਾਕਤਾਂ ( ਕੌਮਾਂਤਰੀਮ ਮੁਦਰਾ ਫੰਡ ,ਵਿਸ਼ਵ ਬੈਂਕ ,ਵਿਸ਼ਵ ਵਪਾਰ ਸੰਸਥਾ ) ਹਰ ਹਾਲ ਦੇ ਵਿੱਚ ਲੋਕ ਵਿਰੋਧੀ ਕਾਨੂੰਨ ਲਾਗੂ ਕਰਨ ਤੇ ਅੜੀਆਂ ਹੋਈਆਂ ਹਨ । ਅੱਜ ਇਨ੍ਹਾਂ ਲੁਟੇਰੀਆਂ ਜਮਾਤਾਂ ਦੇ ਨਾਲ ਦਿਰੜ ਅਤੇ ਲੰਮੇ ਸਮੇਂ ਲਈ ਲ਼ੜਨ ਦੇ ਇਰਾਦੇ ਨਾਲ ਲੜਨ ਵਾਸਤੇ ਤਿਆਰ ਹੋਣਾ ਪੈਣਾ ਹੈ। ਲੋਕ ਵਿਰੋਧੀ ਨੀਤੀਆਂ ਦੇ ਮੁਕਾਬਲੇ ਸਾਡਾ ਸਿਆਸੀ ਪੱਧਰ ਉੱਚਾ ਨਾ ਹੋਣ ਤੇ ਇਹ ਲੜਾਈ ਅਧੂਰੀ ਰਹਿ ਸਕਦੀ ਹੈ ਇਸ ਵਾਸਤੇ ਸਾਨੂੰ ਇਹਦੇ ਲਈ ਲੜਨ ਵਾਸਤੇ ਪੂਰੀ ਚੌਕਸੀ ਤੇ ਚੇਤਨਤਾ ਦੀ ਲੋੜ ਹ । ਦੁਨੀਆਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿਰਤੀ ਲੋਕਾਂ ਦਾ ਆਪਣੀਆਂ ਹੱਕੀ ਮੰਗਾਂ ਦੀ ਖ਼ਾਤਰ ਏਨਾ ਲੰਮਾ ਸਮਾਂ ਘੋਲ ਚੱਲਿਆ ਹੋਵੇ ਤੇ ਕਿਰਤੀ ਲੋਕਾਂ ਦੇ ਹੌਸਲੇ ਫਿਰ ਵੀ ਅਡੋਲ ਹੋਣ। ਏਸ ਕਰਕੇ ਦੁਨੀਆਂ ਦੇ ਵਿੱਚ ਇਸ ਕਿਸਾਨੀ ਘੋਲ ਦਾ ਇਤਿਹਾਸ ਲਿਖਿਆ ਜਾਣਾ ਅਟੱਲ ਹੈ।