ਪੱਤਰ ਪ੍ਰੇਰਕ
ਨਵੀਂ ਦਿੱਲੀ 24 ਜੁਲਾਈ
ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦੀ ਕਮੇਟੀ ਦੀ ਮੀਟਿੰਗ ਬੀਕੇਯੂ ਕਾਦੀਆਂ ਦੇ ਬਲਦੇਵ ਸਿੰਘ ਬਰਨਾਲਾ ਪ੍ਰਧਾਨਗੀ ’ਚ ਹੋਈ। ਅੱਜ ਦੀ ਸਟੇਜ ਕਾਮਾਗਾਟਾਮਾਰੂ ਦੇ ਸ਼ਹੀਦਾਂ ਤੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੂੰ ਸਮਰਪਿਤ ਕੀਤੀ ਗਈ, ਜਿਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਹਰਪ੍ਰੀਤ ਝਬੇਲਵਾਲੀ, ਬੀਕੇਯੂ ਡਕੌਂਦਾ ਦੇ ਕਾਲਾ ਜੈਦ, ਬੀਕੇਯੂ ਲੱਖੋਵਾਲ ਦੇ ਦਰਸ਼ਨ ਜਟਾਣਾ, ਬੀਕੇਯੁੂ ਸਿੱਧੂਪੁਰ ਦੇ ਜਸਪਾਲ ਕਲਾਲਮਾਜਰਾ, ਜਮਹੂਰੀ ਕਿਸਾਨ ਸਭਾ ਦੇ ਲਛਮਣ ਅਲੀਸ਼ੇਰ, ਬੀਕੇਯੂ ਰਾਜੇਵਾਲ ਦੇ ਲਖਵਿੰਦਰ ਪੀਰ ਮੁਹੰਮਦ ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਭੀਖੀ ਤੇ ਚੌਧਰੀ ਜੋਗਿੰਦਰ ਨੈਨ ਤੇ ਚੌਧਰੀ ਬਾਰੂ ਰਾਮ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕੇ ਦੇਸ਼ ਦੀ ਸੰਸਦ ਦੇ ਬਰਾਬਰ ਸੰਸਦ ਚਲਾ ਕੇ ਕਿਸਾਨਾਂ ਦੇ ਘੋਲ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਹ ਸੰਸਦ ਮੋਦੀ ਹਕੂਮਤ ਨੂੰ ਸ਼ੀਸ਼ਾ ਦਿਖਾਉਣ ਲਈ ਹੈ। ‘ਕਿਸਾਨ ਸੰਸਦ’ ਵਿੱਚ ਕੇਰਲ ਦੇ ਸੰਸਦ ਮੈਂਬਰਾਂ ਦਾ ਆਉਣਾ ਇਹ ਸਾਬਤ ਕਰਦਾ ਹੈ ਕੇ ਕਿਸਾਨ ਸੰਸਦ ਦੇਸ਼ ਦੀ ਸੰਸਦ ’ਤੇ ਭਾਰੂ ਪੈ ਰਹੀ ਹੈ।
ਹਰਪ੍ਰੀਤ ਝਬੇਲਵਾਲੀ, ਦਰਸ਼ਨ ਜਟਾਣਾ, ਲਛਮਣ ਅਲੀਸ਼ੇਰ ਆਦਿ ਬੁਲਾਰਿਆਂ ਨੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ, ‘ਜਿਸ ਸਾਮਰਾਜ ਖ਼ਿਲਾਫ਼ ਲੜਦੇ ਹੋਏ ਸਾਡੇ ਯੋਧੇ ਸ਼ਹੀਦੀ ਜਾਮ ਪੀ ਗਏ, ਉਸੇ ਦੀਆਂ ਸਾਮਰਾਜੀ ਨੀਤੀਆਂ ਅੱਗੇ ਭਾਰਤੀ ਹਾਕਮ ਝੁੱਕ ਕੇ ਦੇਸ਼ ਦੇ ਖੇਤੀ ਖੁਰਾਕ ਖੇਤਰ ਨੂੰ ਬਹੁਕੌਮੀ ਕੰਪਨੀਆਂ ਅੱਗੇ ਪੇਸ਼ ਕਰ ਰਹੇ ਨੇ ਅਤੇ ਇਸ ਦਾ ਵਿਰੋਧ ਕਰਨ ਤੇ ਸੈਂਕੜੇ ਸ਼ਹੀਦੀਆਂ ਦੇ ਬਾਵਜੂਦ ਮੋਦੀ ਹਕੂਮਤ ਟੱਸ ਤੋਂ ਮਸ ਨਹੀ ਹੋ ਰਹੀ।’ ਆਗੂਆਂ ਨੇ ਕਿਹਾ ਕਿ ਉਹ ਕਾਮਾਗਾਟਾਮਾਰੂ ਦੇ ਗਦਰੀ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਕਿਸਾਨ ਘੋਲ ਦੇ ਜੇਤੂ ਹੋਣ ਤੱਕ ਡਟੇ ਰਹਿਣਗੇ।
ਠੇਕਾ ਮੁਲਾਜ਼ਮਾਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ
ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰੋਜ਼ਾਨਾ ਦੀ ਤਰ੍ਹਾਂ ਲਗਭਗ ਪਿਛਲੇ ਅੱਠ ਮਹੀਨਿਆਂ ਤੋਂ ਦਿੱਲੀ ਦੇ ਟਿਕਰੀ ਬਾਰਡਰ ਤੇ ਪਕੌੜਾ ਚੌਕ ਕੋਲ ਗਦਰੀ ਗੁਲਾਬ ਕੌਰ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੀ ਸਟੇਜ ਤੋਂ ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਬਠਿੰਡਾ ਵਿੱਚ ਠੇਕਾ ਮੁਲਾਜ਼ਮਾਂ ’ਤੇ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਠੇਕਾ ਮੁਲਾਜ਼ਮਾਂ ਵੱਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਗੱਲਬਾਤ ਕਰਨ ਲਈ ਸਮਾਂ ਨਾ ਦੇਣ ’ਤੇ ਠੇਕਾ ਕਾਮਿਆਂ ਨੇ ਮਨਪ੍ਰੀਤ ਬਾਦਲ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਮੰਤਰੀ ਦੇ ਇਸ਼ਾਰੇ ’ਤੇ ਬਠਿੰਡਾ ਪੁਲੀਸ ਨੇ ਕੱਚੇ ਕਾਮਿਆਂ ’ਤੇ ਲਾਠੀਚਾਰਜ ਕਰ ਕੇ ਪੰਜਾਹ ਦੇ ਕਰੀਬ ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿੱਚ ਬੰਦ ਕਰ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਫੜੇ ਹੋਏ ਕੱਚੇ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਉਨ੍ਹਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਚੋਣਾਂ ਵੇਲੇ ਵੱਖ ਵੱਖ ਵਰਗਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕੀਤੇ ਜਾਣ।
ਖੇਤੀ ਬਚਾਓ ਸੰਘਰਸ਼ ਕਮੇਟੀ ਦਾ ਕਿਸਾਨ ਸੰਸਦ ਲਈ ਦੂਜਾ ਜਥਾ ਰਵਾਨਾ
ਰਤੀਆ (ਕੇਕੇ ਬਾਂਸਲ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਖੇਤੀ ਬਚਾਉ ਸੰਘਰਸ਼ ਕਮੇਟੀ ਹਰਿਆਣਾ ਦਾ ਦੂਜਾ ਜਥਾ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਤੋਂ ਰਵਾਨਾ ਹੋਇਆ। ਦਰਬਾਰ ਹਾਲ ਵਿਚ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਉਪਰੰਤ ਗੁਰੂ ਘਰ ਕਮੇਟੀ ਵਲੋਂ ਤਿੰਨਾਂ ਕਿਸਾਨਾਂ ਨੂੰ ਗੁਰੂ ਘਰ ਦੀ ਮਹਾਨ ਬਖਸ਼ੀਸ਼ ਸਿਰੋਪਾਓ ਭੇਟ ਕੀਤਾ ਗਿਆ। ਉਪਰੰਤ ਰਵਾਨਗੀ ਸਮੇਂ ਖੇਤੀ ਬਚਾਉ ਸੰਘਰਸ਼ ਕਮੇਟੀ ਦੇ ਮੈਂਬਰਾਂ ਵਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਖੁੰਬਰ ਤੋਂ ਸਾਬਕਾ ਸਰਪੰਚ ਜੋਗਿੰਦਰ ਸਿੰਘ, ਬਲਾਕ ਸਮਿਤੀ ਫਤਿਆਬਾਦ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਭੂੰਦੜੀਆ ਨੇ ਕਿਹਾ ਕਿ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਆਪਣੇ ਹੰਕਾਰ ਕਰਕੇ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਸੰਘਰਸ਼ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਦੀ ਥਾਂ ’ਤੇ ਜੇਕਰ ਕੋਈ ਪ੍ਰਧਾਨ ਮੰਤਰੀ ਹੁੰਦਾ ਤਾਂ ਪਹਿਲ ਕਰਕੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਦਾ। ਉਨ੍ਹਾਂ ਕਿਹਾ ਕਿ ਸਥਿਤੀ ਦਾ ਇਹ ਦੁਖਦਾਈ ਪਹਿਲੂ ਹੈ ਕਿ ਸਰਕਾਰ ਤੇ ਮੰਤਰੀਆਂ ਦੀਆਂ ਸ਼ਕਤੀਆਂ ਕੇਵਲ ਇਕ ਵਿਅਕਤੀ ਕੋਲ ਕੇਂਦਰਿਤ ਹੋ ਚੁੱਕੀਆਂ ਹਨ, ਮੰਤਰੀ ਵਿਚਾਰੇ ਕੇਵਲ ਕਠਪੁਤਲੀਆਂ ਮਾਤਰ ਹੀ ਹਨ।
ਕਿਸਾਨ ਸੰਸਦ ਲਈ ਯਮੁਨਾਨਗਰ ਤੋਂ 11 ਮਹਿਲਾਵਾਂ ਕਰਨਗੀਆਂ ਸ਼ਿਰਕਤ
ਯਮੁਨਾਨਗਰ (ਦਵਿੰਦਰ ਸਿੰਘ): ਦੇਸ਼ ਦੀ ਸੰਸਦ ਦੇ ਸਾਹਮਣੇ ਜੰਤਰ-ਮੰਤਰ ’ਤੇ ਜਾਰੀ ਕਿਸਾਨ ਸੰਸਦ ਵਿੱਚ ਹਰ ਵਰਗ ਦੀ ਭਾਗੀਦਾਰੀ ਨੂੰ ਨਿਸ਼ਚਿਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਯਮੁਨਾਨਗਰ ਤੋਂ 26 ਜੁਲਾਈ ਨੂੰ 11 ਕਿਸਾਨ ਬੀਬੀਆਂ ਨੂੰ ਭੇਜੇਗੀ। ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਯਮੁਨਾਨਗਰ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸੁਭਾਸ਼ ਗੁੱਜਰ ਨੇ ਦੱਸਿਆ ਕਿ ਦੇਸ਼ ਦੀ ਸੰਸਦ ਵਿੱਚ ਸਰਕਾਰ ਨੇ ਕਿਸੇ ਵੀ ਪਾਰਟੀ ਦੇ ਨੇਤਾ ਦੀ ਗੱਲ ਨੂੰ ਨਹੀਂ ਸੁਣਿਆ ਅਤੇ ਸਰਕਾਰ ਨੇ ਇਸ ਵਿਸ਼ੇ ’ਤੇ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰ ਰੱਖੇ ਹਨ, ਜਿਸ ਕਾਰਨ ਕਿਸਾਨਾਂ ਦਾ ਇਹ ਅੰਦੋਲਨ ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਿਆ ਹੈ।