ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਪਰੈਲ
ਇੱਥੇ ਅੱਜ ਗਾਜ਼ੀਪੁਰ ਸਰਹੱਦੀ ਸਾਂਝੇ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਅੰਦੋਲਨ ਵਾਲੀ ਥਾਂ ’ਤੇ ਸਾਰੇ ਟੈਂਟ ਵਾਟਰ ਪਰੂਫ ਹੋਣਗੇ ਅਤੇ ਝੱਖੜ ਦੌਰਾਨ ਉੱਡਣ ਤੋਂ ਬਚਾਉਣ ਲਈ ਇਨ੍ਹਾਂ ਟੈਂਟਾਂ ਨੂੰ ਰੱਸੀਆਂ ਤੇ ਬਾਂਸਾਂ ਨਾਲ ਮਜ਼ਬੂਤੀ ਨਾਲ ਬੰਨ੍ਹਿਆ ਜਾਵੇਗਾ। ਇੱਥੇ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਵੀ ਉਪਲੱਬਧ ਰਹਿਣਗੀਆਂ। ਮੋਰਚੇ ’ਤੇ ਬੈਠੇ ਕਿਸਾਨਾਂ ਨੂੰ ਅੰਦੋਲਨ ਵਾਲੀ ਜਗ੍ਹਾ ਦੀ ਸੁਰੱਖਿਆ ਦੇ ਨਾਲ-ਨਾਲ ਕਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਗਾਜ਼ੀਪੁਰ ਬਾਰਡਰ ’ਤੇ ਵਾਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਮੋਰਚੇ ਦੇ ਸਾਰੇ ਟੈਂਟਾਂ ਨੂੰ ਵਾਟਰ ਪਰੂਫ ਕਰਨ ਅਤੇ ਝੱਖੜ ਦੌਰਾਨ ਉੱਡਣ ਤੋਂ ਬਚਾਉਣ ਲਈ ਸਾਰੇ ਟੈਂਟਾਂ ਨੂੰ ਰੱਸੀਆਂ ਤੇ ਬਾਂਸਾਂ ਨਾਲ ਮਜ਼ਬੂਤੀ ਨਾਲ ਬੰਨ੍ਹਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਵਾਲੰਟੀਅਰਾਂ ਨੂੰ ਮਿਲ ਕੇ ਅੰਦੋਲਨ ਵਾਲੀ ਜਗ੍ਹਾ ਦੀ ਸੁਰੱਖਿਆ ਕਰਨ ਦੇ ਨਾਲ ਕਰੋਨਾਵਾਇਰਸ ਮਹਾਮਾਰੀ ਬਾਰੇ ਜਾਗਰੂਕ ਹੋਣ ਤੇ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੂਰੀ ਲਹਿਰ ਦੀ ਸੁਰੱਖਿਆ ਲਈ 24 ਘੰਟੇ ਵੱਖ-ਵੱਖ ਚੈੱਕ ਪੋਸਟਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਹ ਵੀ ਤੈਅ ਕੀਤਾ ਗਿਆ ਹੈ ਕਿ ਕਿਸੇ ਨੂੰ ਵੀ ਬਿਨਾ ਜਾਂਚ ਤੋਂ ਮੋਰਚੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਨਾਲ ਹੀ ਸਾਰੇ ਦਾਖ਼ਲਾ ਪੁਆਇੰਟਾਂ ’ਤੇ ਸੈਨੇਟਾਈਜ਼ੇਸ਼ਨ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਅੰਦੋਲਨ ਵਿੱਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਅੰਦੋਲਨ ਵਿੱਚ ਆਉਣ ਦਿੱਤਾ ਜਾਵੇ। ਇਸ ਤੋਂ ਇਲਾਵਾ ਮੋਰਚੇ ਵਿਚ ਸਵੱਛਤਾ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਅੰਦੋਲਨ ਵਾਲੀ ਜਗ੍ਹਾ ’ਤੇ ਸਮਾਜਿਕ ਦੂਰੀ ਦਾ ਵੀ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ ਤਾਂ ਜੋ ਸਰਕਾਰ ਕਰੋਨਾ ਦਾ ਬਹਾਨਾ ਬਣਾ ਕੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਪੂਰਾ ਕਿਸਾਨ ਭਾਈਚਾਰਾ ਅੰਦੋਲਨ ਪ੍ਰਤੀ ਵਫ਼ਾਦਾਰ ਹੈ ਤੇ ਉਹ ਕੋਵਿਡ-19 ਤੋਂ ਵੀ ਚੰਗੀ ਤਰ੍ਹਾਂ ਜਾਣੂ ਹੈ।