ਮਨਧੀਰ ਦਿਓਲ
ਨਵੀਂ ਦਿੱਲੀ, 19 ਨਵੰਬਰ
ਦਿੱਲੀ ਹਾਈ ਕੋਰਟ ਵੱਲੋਂ ਅੱਜ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਵਾਲ ਕੀਤਾ ਗਿਆ ਕਿ ਕੀ ਸਰਕਾਰ ਕੋਵਿਡ-19 ਕਾਰਨ ਆਪਣੇ ਸਕੇ-ਸਬੰਧੀਆਂ ਨੂੰ ਗੁਆਉਣ ਵਾਲੇ ਲੋਕਾਂ ਨੂੰ ਇਹ ਦੱਸ ਸਕਦੀ ਹੈ ਕਿ ਪਿਛਲੇ 18 ਦਿਨਾਂ ਵਿੱਚ ਜਦੋਂ ਕੌਮੀ ਰਾਜਧਾਨੀ ’ਚ ਕੇਸ ਵਧ ਰਹੇ ਸਨ ਤਾਂ ਪ੍ਰਸ਼ਾਸਨ ਨੇ ਇਸ ਲਾਗ ਦੇ ਫੈਲਾਅ ਨੂੰ ਰੋਕਣ ਲਈ ਕਦਮ ਕਿਉਂ ਨਹੀਂ ਉਠਾਏ?
ਹਾਈ ਕੋਰਟ ਨੇ ਸਰਕਾਰ ਨੂੰ ਹਾਲਾਤ ਦੀ ਡੂੰਘਾਈ ਨਾਲ ਸਮੀਖਿਆ ਕਰਨ ਲਈ ਕਿਹਾ ਅਤੇ ਟਿੱਪਣੀ ਕੀਤੀ ਕਿ ਇਹ ਕਾਫੀ ਦਿਲ ਦੁਖਾਉਣ ਵਾਲਾ ਹੈ ਕਿ ਕੌਮੀ ਰਾਜਧਾਨੀ ਵਿੱਚ ਕੋਵਿਡ ਕਾਰਨ ਇਕ ਦਿਨ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 131 ਤੱਕ ਪਹੁੰਚ ਗਈ ਹੈ ਜਦੋਂ ਕਿ ਇਕ ਦਿਨ ਵਿੱਚ ਸਾਹਮਣੇ ਆਉਣ ਵਾਲੇ ਲਾਗ ਦੇ ਕੇਸਾਂ ਦੀ ਗਿਣਤੀ 7,486 ਹੋ ਗਈ ਹੈ।
ਜਸਟਿਸ ਹਿਮਾ ਕੋਹਲੀ ਤੇ ਸੁਬਰਾਮਨੀਅਮ ਪ੍ਰਸਾਦ ਦੇ ਇਕ ਬੈਂਚ ਨੇ ਦਿੱਲੀ ਸਰਕਾਰ ਦੀ ਝਾੜ-ਝੰਬ ਕਰਦਿਆਂ ਸਵਾਲ ਕੀਤਾ, ‘‘ਸਰਕਾਰ ਨੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਿਆਹ ਸਮਾਗਮਾਂ ’ਚ ਲੋਕਾਂ ਦੀ ਸ਼ਮੂਲੀਅਤ ਦੀ ਹੱਦ 50 ਤੱਕ ਕਰਨ ਵਰਗੇ ਕਦਮ ਉਠਾਉਣ ਲਈ ਅਦਾਲਤ ਦੀ ਦਖ਼ਲਅੰਦਾਜ਼ੀ ਦਾ ਇੰਤਜ਼ਾਰ ਕਿਉਂ ਕੀਤਾ?’’ ਬੈਂਚ ਨੇ ਸਵਾਲ ਕੀਤਾ, ‘‘11 ਨਵੰਬਰ ਨੂੰ ਸਾਨੂੰ ਤੁਹਾਨੂੰ ਹਲੂਣ ਕੇ ਨੀਂਦ ਤੋਂ ਕਿਉਂ ਜਗਾਉਣਾ ਪਿਆ? ਪਹਿਲੀ ਨਵੰਬਰ ਤੋਂ 11 ਨਵੰਬਰ ਤੱਕ ਤੁਸੀਂ ਕੀ ਕੀਤਾ? ਤੁਸੀਂ ਫ਼ੈਸਲਾ ਲੈਣ ਲਈ 18 ਦਿਨਾਂ (18 ਨਵੰਬਰ ਤੱਕ) ਇੰਤਜ਼ਾਰ ਕਿਉਂ ਕੀਤਾ? ਕੀ ਤੁਸੀਂ ਜਾਣਦੇ ਹੋ ਇਸ ਸਮੇਂ ਦੌਰਾਨ ਕਿੰਨੀਆਂ ਜਾਨਾਂ ਗਈਆਂ? ਕੀ ਤੁਸੀਂ ਆਪਣੇ ਨੇੜਲਿਆਂ ਨੂੰ ਗੁਆਉਣ ਵਾਲੇ ਲੋਕਾਂ ਨੂੰ ਇਹ ਸਮਝਾ ਸਕਦੇ ਹੋ?’’
ਬੈਂਚ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਕੋਵਿਡ-19 ਦੇ ਵਧ ਰਹੇ ਕੇਸਾਂ ਸਬੰਧੀ ਅਖ਼ਬਾਰਾਂ ’ਚ ਛਪੇ ਬਿਆਨ, ਅਦਾਲਤ ’ਚ ਦਾਇਰ ਕੀਤੇ ਗਏ ਅੰਕੜਿਆਂ ਨਾਲੋਂ ਉਲਟ ਹਨ। ਬੈਂਚ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਮੰਤਰੀ ਪ੍ਰੈੱਸ ਬਿਆਨ ਦੇ ਰਹੇ ਹਨ ਕਿ ਕੋਵਿਡ ਦੀ ਤੀਜੀ ਲਹਿਰ ਸਿਖ਼ਰ ’ਤੇ ਪਹੁੰਚ ਚੁੱਕੀ ਹੈ ਅਤੇ ਕੇਸਾਂ ਦੀ ਗਿਣਤੀ ਘੱਟ ਰਹੀ ਹੈ, ਜਦੋਂਕਿ ਅਦਾਲਤ ’ਚ ਪੇਸ਼ ਕੀਤੇ ਗਏ ਰੋਜ਼ਾਨਾ ਦੇ ਕੇਸਾਂ ਦੇ ਅੰਕੜਿਆਂ ’ਚ ਇਹ ਗੱਲ ਨਹੀਂ ਦਿਸਦੀ ਹੈ। ਬੈਂਚ ਨੇ ਕਿਹਾ, ‘‘ਅਸੀਂ ਤੁਹਾਡੇ ਮੰਤਰੀਆਂ ਦੇ ਬਿਆਨਾਂ ਦਾ ਕਾਨੂੰਨੀ ਨੋਟਿਸ ਲੈ ਸਕਦੇ ਹਾਂ।’’ ਇਸ ਦੌਰਾਨ ਬੈਂਚ ਨੇ ਕਿਹਾ ਕਿ ਸ਼ਮਸ਼ਾਨਘਾਟ ਭਰੇ ਪਏ ਹਨ ਅਤੇ ਸਾਰੀ-ਸਾਰੀ ਰਾਤ ਚਿਖਾਵਾਂ ਬਲਦੀਆਂ ਰਹਿੰਦੀਆਂ ਹਨ। ਉਨ੍ਹਾਂ ਸਰਕਾਰ ਨੂੰ ਕੋਵਿਡ ਕਾਰਨ ਮਰਨ ਵਾਲੇ ਲੋਕਾਂ ਦੇ ਸਸਕਾਰ ਜਾਂ ਸਪੁਰਦ-ਏ-ਖਾਕ ਲਈ ਢੁੱਕਵੇਂ ਇੰਤਜ਼ਾਮ ਕਰਨ ਲਈ ਵੀ ਕਿਹਾ। ਬੈਂਚ ਨੇ ਇਸ ਗੱਲ ਦਾ ਨੋਟਿਸ ਵੀ ਲਿਆ ਕਿ ਕੋਵਿਡ ਦੇ ਨਿਯਮਾਂ ਦੀ ਪਹਿਲੀ ਵਾਰ ਉਲੰਘਣਾ ’ਤੇ 500 ਰੁਪਏ ਤੇ ਮੁੜ ਉਲੰਘਣ ’ਤੇ 1000 ਰੁਪਏ ਜੁਰਮਾਨਾ ਲਗਾਏ ਜਾਣ ਦਾ ਵੀ ਬਹੁਤਾ ਅਸਰ ਨਹੀਂ ਹੋ ਰਿਹਾ ਹੈ। ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੁਝ ਜ਼ਿਲ੍ਹਿਆਂ ਦੇ ਮੁਕਾਬਲੇ ਬਾਕੀ ਜ਼ਿਲ੍ਹਿਆਂ ’ਚ ਨਿਗਰਾਨੀ ਤੇ ਜੁਰਮਾਨਾ ਲਾਉਣ ’ਚ ਕਾਫੀ ਫ਼ਰਕ ਹੈ। ਬੈਂਚ ਨੇ ਕਿਹਾ, ‘‘ਤੁਸੀਂ ਕਿਸ ਤਰ੍ਹਾਂ ਦੀ ਨਿਗਰਾਨੀ ਕਰ ਰਹੇ ਹੋ? ਤੁਸੀਂ ਚੀਜ਼ਾਂ ਨੂੰ ਗੰਭੀਰਤਾ ਨਾਲ ਲਓ। ਤੁਸੀਂ ਨਿਊਯਾਰਕ ਤੇ ਸਾਓ ਪਾਉਲੋ ਵਰਗੇ ਸ਼ਹਿਰਾਂ ਤੋਂ ਵੀ ਅੱਗੇ ਨਿਕਲ ਚੁੱਕੇ ਹੋ।’’
ਦਿੱਲੀ ’ਚ ਕਰੋਨਾ ਦੇ ਇਕ ਲੱਖ ਨਵੇਂ ਮਰੀਜ਼
ਨਵੀਂ ਦਿੱਲੀ(ਮਨਧੀਰ ਸਿੰਘ ਦਿਓਲ): ਕਰੋਨਾ ਦੀ ਤੀਜੀ ਲਹਿਰ ਰਾਜ ਵਿੱਚ ਇੰਨੀ ਜ਼ੋਰ ਨਾਲ ਆਈ ਕਿ 15 ਦਿਨਾਂ ਵਿੱਚ ਇਕ ਲੱਖ ਨਵੇਂ ਮਰੀਜ਼ ਸਾਹਮਣੇ ਆਏ। ਇਸ ਸਮੇਂ ਦੌਰਾਨ ਲਗਪੱਗ 1202 ਦੀ ਮੌਤ ਹੋ ਗਈ। ਇਸ ਅਰਸੇ ਦੌਰਾਨ ਲਗਪੱਗ 93, 885 ਮਰੀਜ਼ ਲਾਗ ਤੋਂ ਠੀਕ ਹੋਏ। 1 ਨਵੰਬਰ ਨੂੰ 5664 ਮਾਮਲੇ ਸਨ ਜੋ 11 ਨਵੰਬਰ ਨੂੰ ਵੱਧ ਕੇ 8593 ਹੋ ਗਏ ਸਨ। ਇਹ ਦਿਨ ਵਿੱਚ ਇਕ ਦਿਨ ਵਿੱਚ ਲਾਗ ਦੇ ਸਭ ਤੋਂ ਵੱਧ ਕੇਸ ਸਨ। ਇਸ ਤੋਂ ਪਹਿਲਾਂ 24 ਨਵੰਬਰ ਨੂੰ ਕੋਵਿਡ ਦੇ 104 ਮਰੀਜ਼ਾਂ ਦੀ ਮੌਤ ਹੋਈ ਸੀ ਜੋ ਉਸ ਸਮੇਂ ਤੱਕ ਦਾ ਰਿਕਾਰਡ ਸੀ। ਮਾਹਰ ਕਹਿੰਦੇ ਹਨ ਕਿ ਨਵੇਂ ਮਾਮਲਿਆਂ ਦੀ ਗਿਣਤੀ ਵਧਣ ਨਾਲ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਬੁੱਧਵਾਰ ਨੂੰ 131 ਕੋਵਿਡ -19 ਮਰੀਜ਼ਾਂ ਦੀ ਦਿੱਲੀ ਵਿੱਚ ਮੌਤ ਹੋ ਗਈ ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। 18 ਨਵੰਬਰ ਨੂੰ 7486 ਨਵੇਂ ਮਰੀਜ਼ਾਂ ਦੀ ਆਮਦ ਦੇ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਕਰੋਨਾਵਾਇਰਸ ਨਾਲ ਮਰੀਜ਼ਾਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਗਈ ਹੈ ਤੇ ਇਹ ਅੰਕੜਾ 503084 ਤੱਕ ਪਹੁੰਚ ਗਿਆ। ਸਿਰਫ 15 ਦਿਨਾਂ ਵਿਚ ਇਕ ਲੱਖ ਨਵੇਂ ਕੇਸ ਸਾਹਮਣੇ ਆਏ। ਅੰਕੜੇ ਦੱਸਦੇ ਹਨ ਕਿ 1 ਤੋਂ 16 ਨਵੰਬਰ ਦਰਮਿਆਨ ਦਿੱਲੀ ਵਿੱਚ ਕਰੋਨਾਵਾਇਰਸ ਦੇ 101070 ਨਵੇਂ ਕੇਸ ਸਾਹਮਣੇ ਆਏ ਤੇ 1202 ਦੀ ਮੌਤ ਹੋ ਗਈ।
ਕਈ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ
ਨਵੀਂ ਦਿੱਲੀ: ਕੌਮੀ ਰਾਜਧਾਨੀ ਦੇ ਕਈ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਨਾਲ ਲੈਸ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਦੇ ਬਿਸਤਰਿਆਂ ਦੀ ਘਾਟ ਹੈ ਕਿਉਂਕਿ ਹਰ ਰੋਜ਼ ਵਧੇਰੇ ਮਰੀਜ਼ ਹਸਪਤਾਲ ਵਿੱਚ ਭਰਤੀ ਹੋ ਰਹੇ ਹਨ। ਵੀਰਵਾਰ ਨੂੰ ਦੁਪਹਿਰ 12:30 ਵਜੇ ਦਿੱਲੀ ਸਰਕਾਰ ਦੇ ਆਨਲਾਈਨ ਕਰੋਨਾ ਡੈਸ਼ਬੋਰਡ ਅਨੁਸਾਰ ਵੱਖ-ਵੱਖ ਸਹੂਲਤਾਂ ’ਤੇ ਅਜਿਹੇ 1362 ਬਿਸਤਰੇ ’ਚੋਂ ਸਿਰਫ 131 ਕੋਵਿਡ -19 ਆਈਸੀਯੂ ਬਿਸਤਰੇ ਹੀ ਉਪਲਬਧ ਸਨ। ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ (ਆਰਜੀਐਸਐਸਐਚ), ਸਾਕੇਤ, ਪੜਪੜਗੰਜ ਤੇ ਸ਼ਾਲੀਮਾਰ ਬਾਗ ਵਿਖੇ ਬਤਰਾ ਹਸਪਤਾਲ, ਫੋਰਟਿਸ ਹਸਪਤਾਲ ਦੀਆਂ ਸਹੂਲਤਾਂ ਸ਼ਾਲੀਮਾਰ ਬਾਗ ਤੇ ਵਸੰਤ ਕੁੰਜ, ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਤੇ ਦੁਆਰਕਾ ਵਿਚ ਵੈਂਕਟੇਸ਼ਵਰਾ ਹਸਪਤਾਲ ਵਿਚ ਬਿਸਤਰੇ ਨਹੀਂ ਸਨ। ਆਰਜੀਐਸਐਸਐਚ ਦਿੱਲੀ ਸਰਕਾਰ ਦੇ ਅਧੀਨ ਇਕ ਸਮਰਪਿਤ ਕਰੋਨਾਵਾਇਰਸ ਸਹੂਲਤ ਹੈ ਜਿਸ ਵਿਚ 200 ਆਈਸੀਯੂ ਬੈੱਡ ਹਨ ਜਿਨ੍ਹਾਂ ਵਿਚ ਵੈਂਟੀਲੇਟਰ ਹਨ ਸਾਰੇ ਭਰੇ ਹੋਏ ਸਨ। ਜਦੋਂ ਕਿ ਐਲਐਨਜੇਪੀ ਹਸਪਤਾਲ ਵਿਚ ਰਾਤ 12:30 ਵਜੇ 200 ਵਿਚੋਂ ਸਿਰਫ ਸੱਤ ਬਿਸਤਰੇ ਉਪਲਬਧ ਸਨ। ਵੈਂਟੀਲੇਟਰਾਂ ਵਾਲੇ 71 ਆਈਸੀਯੂ ਬੈੱਡਾਂ ਵਿਚੋਂ ਸੱਤ ਬਿਸਤਰੇ ਏਮਜ਼ ਦੇ ਟਰਾਮਾ ਸੈਂਟਰ, ਸਫਦਰਜੰਗ ਹਸਪਤਾਲ ਵਿਚ 65 ਵਿਚੋਂ ਸੱਤ ਅਜਿਹੇ ਬਿਸਤਰੇ ਉਪਲਬਧ ਸਨ, ਸਰ ਗੰਗਾ ਰਾਮ ਹਸਪਤਾਲ ਵਿਚ 45 ਵਿਚੋਂ ਅੱਠ ਅਜਿਹੇ ਬੈੱਡ ਹਨ ਤੇ ਆਰਐਮਐਲ ਹਸਪਤਾਲ ਕੋਲ ਵੈਂਟੀਲੇਟਰਾਂ ਵਾਲੇ ਸਿਰਫ ਦੋ ਆਈਸੀਯੂ ਬੈੱਡ 28 ਵਿੱਚੋਂ ਉਪਲਬਧ ਸਨ। ਕੇਜਰੀਵਾਲ ਨੇ ਕਿਹਾ ਕਿ ਪਿਛਲੇ ਹਫ਼ਤੇ ਦਿੱਲੀ ਦੇ ਅੰਦਰ 7500 ਦੇ ਕਰੀਬ ਕੇਸਾਂ ਤੱਕ ਪਹੁੰਚੇ ਪਰ ਅੱਜ ਦਿੱਲੀ ਵਿੱਚ ਵੀ 7500 ਕੋਵਿਡ ਆਮ ਬਿਸਤਰੇ ਉਪਲਬਧ ਹੈ ਤੇ ਅੱਜ ਇੱਥੇ ਲਗਪਗ 450 ਆਈਸੀਯੂ ਬੈੱਡ ਹਨ। ਇਸੇ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦਿੱਲੀ ਦੇ 42 ਨਿੱਜੀ ਹਸਪਤਾਲਾਂ ਦੇ ਆਈਸੀਯੂ ਸਹੂਲਤਾਂ ਵਾਲੇ 80 ਫ਼ੀਸਦ ਬਿਸਤਰੇ ਕੋਵਿਡ ਬਿਸਤਰਿਆਂ ਵੱਜੋਂ ਰਾਖਵੇਂਕਰਨ ਦੀ ਹਿਦਾਇਤ ਕੀਤੀ ਗਈ ਹੈ।