ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਕਤੂਬਰ
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪਟਾਕਿਆਂ ’ਤੇ ਪੂਰਨ ਪਾਬੰਦੀ ਨੂੰ ਲਾਗੂ ਕਰਨ ਲਈ 408 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ 21 ਅਕਤੂਬਰ ਤੋਂ ‘ਦੀਆ ਜਲਾਓ ਪਟਾਕੇ ਨਹੀਂ’ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸੈਂਟਰਲ ਪਾਰਕ, ਕਨਾਟ ਪਲੇਸ ਵਿੱਚ 51 ਹਜ਼ਾਰ ਦੀਵੇ ਜਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪਟਾਕਿਆਂ ਦੇ ਨਿਰਮਾਣ, ਸਟੋਰੇਜ, ਵਿਕਰੀ (ਆਨਲਾਈਨ ਮਾਰਕੀਟਿੰਗ ਪਲੇਟਫਾਰਮ ਰਾਹੀਂ) ਪਟਾਕਿਆਂ ਦੀ ਡਿਲੀਵਰੀ ਸਮੇਤ) ਅਤੇ ਪਟਾਕਿਆਂ ਨੂੰ ਸਾੜਨ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਪਾਬੰਦੀ ਨੂੰ ਲਾਗੂ ਕਰਨ ਲਈ 408 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਦਿੱਲੀ ਪੁਲੀਸ ਦੇ ਏਸੀਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ 210 ਟੀਮਾਂ, ਮਾਲ ਵਿਭਾਗ ਦੀਆਂ 165 ਤੇ ਡੀਪੀਸੀਸੀ ਦੀਆਂ 33 ਟੀਮਾਂ ਸ਼ਾਮਲ ਹਨ।