ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਦੇ 90 ਫੀਸਦੀ ਸਰਕਾਰੀ ਸਕੂਲਾਂ ਵਿਚ ਪੰਜਾਬੀ ਅਧਿਆਪਕ ਹੀ ਮੌਜੂਦ ਨਹੀਂ ਹਨ। ਵਿੱਤ ਵਰ੍ਹੇ 2021-22 ਵਿਚ 40 ਕਰੋੜ ਰੁਪਏ ਦਾ ਬਜਟ ਦਿੱਲੀ ਸਰਕਾਰ ਤੋਂ ਪ੍ਰਾਪਤ ਕਰਨ ਵਾਲੀ ਪੰਜਾਬੀ ਅਕਾਦਮੀ ਵੱਲੋਂ ਇਕਰਾਰਨਾਮਾ ਆਧਾਰ ’ਤੇ 71 ਤੇ ਆਰਜ਼ੀ ਆਧਾਰ ’ਤੇ 185 ਪੰਜਾਬੀ ਅਧਿਆਪਕ ਲਗਾਈਆਂ ਗਈਆਂ ਹਨ। ਦਿੱਲੀ ਦੇ ਕੁੱਲ 2795 ਸਰਕਾਰੀ ਸਕੂਲਾਂ ਵਿਚੋਂ ਸਿਰਫ 256 ਸਕੂਲਾਂ ਵਿਚ ਹੀ ਪੰਜਾਬੀ ਅਕਾਦਮੀ ਵੱਲੋਂ ਪੰਜਾਬੀ ਭਾਸ਼ਾ ਪੜਾਉਣ ਲਈ ਅਧਿਆਪਕ ਦਿੱਤੇ ਜਾ ਰਹੇ ਹਨ। ਅਕਾਦਮੀ ਵੱਲੋਂ ਦਿੱਲੀ ਸਰਕਾਰ ਦੇ ਸਿਖਿਆ ਵਿਭਾਗ ਦੇ ਸਕੂਲਾਂ ਨੂੰ 71 ਤੇ ਦਿੱਲੀ ਨਗਰ ਨਿਗਮ ਦੇ ਸਕੂਲਾਂ ਨੂੰ 185 ਆਰਜ਼ੀ ਪੰਜਾਬੀ ਭਾਸ਼ਾ ਅਧਿਆਪਕ ਉਪਲਬਧ ਕਰਵਾਏ ਹੋਏ ਹਨ।