ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ‘ਆਪ’ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਦੇ ਆਧਾਰ ’ਤੇ ਦਾਅਵਾ ਕੀਤਾ ਕਿ ਭਾਜਪਾ ਕਥਿਤ ਦੰਗੇ ਕਰਵਾਉਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਦਿੱਲੀ ਵਿੱਚ ਦੰਗਿਆਂ ਬਾਰੇ ਇੱਕ ਸਰਵੇ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਰਵੇਖਣ ਦੇ ਨਤੀਜੇ ਹੈਰਾਨ ਕਰਨ ਵਾਲੇ ਸਨ, ਜਿੱਥੇ ਸਰਵੇਖਣ ਵਿੱਚ ਸ਼ਾਮਲ 91 ਫ਼ੀਸਦੀ ਲੋਕਾਂ ਦਾ ਮੰਨਣਾ ਸੀ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਜੋ ਦੇਸ਼ ਭਰ ਵਿੱਚ ਕਥਿਤ ਦੰਗੇ ਕਰਵਾਉਂਦੀ ਹੈ। ਸ੍ਰੀ ਸਿਸੋਦੀਆ ਨੇ ਦੱਸਿਆ ਕਿ ਦੋ ਹਫ਼ਤੇ ਪਹਿਲਾਂ 21 ਅਪਰੈਲ ਤੋਂ ਦਿੱਲੀ ਵਿੱਚ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਵਿੱਚ 11,54,231 ਲੋਕਾਂ ਨਾਲ ਫੋਨ ਕਾਲਾਂ, ਫੀਲਡ ਸਰਵੇ ਅਤੇ ਕੈਟੀ ਸਰਵੇ ਰਾਹੀਂ ਇੰਟਰਵਿਊ ਕੀਤੀ ਗਈ ਸੀ।
ਭਾਜਪਾ ਨੂੰ ਕਿਸੇ ਪਾਰਟੀ ਦੇ ਸਰਟੀਫਿਕੇਟ ਦੀ ਲੋੜ ਨਹੀਂ: ਆਦੇਸ਼ ਗੁਪਤਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਗੁੰਡਿਆਂ ਤੇ ਦੰਗਾਕਾਰੀਆਂ ਨੂੰ ਕਿਹੜੀ ਪਾਰਟੀ ਸੁਰੱਖਿਆ ਦਿੰਦੀ ਹੈ, ਇਹ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦੱਸਣ ਦੀ ਲੋੜ ਨਹੀਂ ਹੈ। ਦਿੱਲੀ ਦੇ ਲੋਕ ਸਭ ਕੁਝ ਦੇਖ ਰਹੇ ਹਨ ਤੇ ਸਭ ਜਾਣਦੇ ਹਨ। ਸ੍ਰੀ ਗੁਪਤਾ ਨੇ ਮਨੀਸ਼ ਸਿਸੋਦੀਆ ਵੱਲੋਂ ਭਾਜਪਾ ’ਤੇ ਲਗਾਏ ਗਏ ਦੋਸ਼ਾਂ ਮਨਘੜਤ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਸਿਸੋਦੀਆ ਦੋ ਹਫ਼ਤਿਆਂ ਦੀ ਮਿਹਨਤ ਤੇ 11.5 ਲੱਖ ਲੋਕਾਂ ਦੇ ਅੰਦਰ ਕੀਤੇ ਗਏ ਸਰਵੇਖਣ ਨੂੰ ਜਨਤਕ ਕਰਨ ਤੋਂ ਕਿਉਂ ਗੁਰੇਜ਼ ਕਰ ਰਹੇ ਹਨ। ਗੁਪਤਾ ਨੇ ਕਿਹਾ, ‘ਸਿਸੋਦੀਆ ਦਾ ਸਰਵੇਖਣ, ਉਨ੍ਹਾਂ ਦਾ ਬਿਆਨ ਵੀ ਉਹੀ ਹੈ ਜਿਵੇਂ ਅਸੀਂ ਗਵਾਹ ਹਾਂ, ਅਸੀਂ ਵਕੀਲ ਹਾਂ, ਅਸੀਂ ਜੱਜ ਹਾਂ ਤੇ ਸਾਡੇ ਫੈਸਲੇ ਵੀ ਸਾਡੇ ਹਨ’ ਭਾਜਪਾ ਨੂੰ ਕਿਸੇ ਵੀ ਪਾਰਟੀ ਦੇ ਨੇਤਾ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ, ਜਿਸ ਦੀ ਆਪਣੀ ਪਾਰਟੀ ਦੰਗਾਕਾਰੀਆਂ ਦੀ ਮਦਦ ਨਾਲ ਚੱਲ ਰਹੀ ਹੈ।’’