ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਇੱਥੇ ਲੜਕੀਆਂ ਦੇ ਇੱਕ ਸਮੂਹ ’ਤੇ ਇੱਕ 13 ਸਾਲਾ ਵਿਦਿਆਰਥਣ ਨੂੰ ਸਕੂਲ ਦੇ ਬਾਹਰ ਕੁੱਟਣ ਦਾ ਦੋਸ਼ ਹੈ। ਇਹ ਘਟਨਾ ਬੁੱਧਵਾਰ ਨੂੰ ਵਾਪਰੀ ਤੇ ਕਈ ਬੱਚਿਆਂ ਨੇ ਇੰਸਟਾਗ੍ਰਾਮ ‘ਤੇ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਹੋਣ ਤੋਂ ਬਾਅਦ ਪੀੜਤ ਲੜਕੀ ਦੇ ਪਰਿਵਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਗਰੋਂ ਦਿੱਲੀ ਪੁਲੀਸ ਨੇ ਜੁਵੇਨਾਈਲ ਜਸਟਿਸ ਬੋਰਡ ਨੂੰ ਸੂਚਿਤ ਕੀਤਾ ਹੈ, ਜੋ ਕਸੂਰਵਾਰ ਲੜਕੀਆਂ ਦੇ ਖਿਲਾਫ ਕਾਰਵਾਈ ਕਰੇਗੀ। ਮਾਪਿਆਂ ਵੱਲੋਂ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਦਿੱਲੀ ਪੁਲੀਸ ਦੇ ਡੀਸੀਪੀ ਸਾਗਰ ਸਿੰਘ ਕਲਸੀ ਦੇ ਅਨੁਸਾਰ ਲੜਕੀ ਨੇ ਆਪਣੇ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀਆਂ ਪੰਜ ਲੜਕੀਆਂ ਵਿਰੁੱਧ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।