ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਕਤੂਬਰ
ਦਿੱਲੀ ਦੇ ਲਾਹੌਰੀ ਗੇਟ ਨੇੜੇ ਬੀਤੀ ਸ਼ਾਮ ਇੱਕ ਦੋ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਵਿੱਚ ਚਾਰ ਸਾਲ ਦੀ ਬੱਚੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਦਿੱਲੀ ਪੁਲੀਸ ਨੇ ਦੱਸਿਆ ਕਿ ਬਚਾਅ ਮੁਹਿੰਮ ਰਾਤ ਨੂੰ ਹੀ ਸ਼ੁਰੂ ਕਰ ਦਿੱਤੀ ਗਈ ਸੀ। ਪੁਲੀਸ ਨੇ ਲਾਪ੍ਰਵਾਹੀ ਵਰਤਣ ਤੇ ਜਾਨ ਜਾਂ ਨਿੱਜੀ ਸੁਰੱਖਿਆ ਖਤਰੇ ਵਿੱਚ ਪਾਉਣ ਦੇ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 304ਏ, 336, 337 ਅਤੇ 338 ਤਹਿਤ ਕੇਸ ਦਰਜ ਕੀਤਾ ਹੈ।
ਪੁਲੀਸ ਮੁਤਾਬਕ, ਇਮਾਰਤ ਖਸਤਾ ਹਾਲਤ ਵਿੱਚ ਸੀ। ਸੋਮਵਾਰ ਸਵੇਰੇ ਤੋਂ ਦੇਰ ਰਾਤ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਦੋ ਹੋਰ ਲੋਕਾਂ ਨੂੰ ਬਚਾਇਆ ਗਿਆ। ਇਸ ਤੋਂ ਪਹਿਲਾਂ ਦਸ ਲੋਕਾਂ ਨੂੰ ਬਚਾਇਆ ਗਿਆ ਸੀ ਤੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪੁਲੀਸ ਮੁਤਾਬਕ ਇਹ ਘਟਨਾ ਐਤਵਾਰ ਸ਼ਾਮ ਕਰੀਬ 7:30 ਵਜੇ ਵਾਪਰੀ। ਡੀਸੀਪੀ, ਕੇਂਦਰੀ ਜ਼ਿਲ੍ਹਾ, ਦਿੱਲੀ ਸ਼ਵੇਤਾ ਚੌਹਾਨ ਨੇ ਦੱਸਿਆ 10 ਲੋਕਾਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਚਾਰ ਸਾਲ ਦੀ ਬੱਚੀ ਦੀ ਮੌਤ ਹੋ ਗਈ। ਬਚਾਅ ਕਾਰਜ ਚੱਲ ਰਿਹਾ ਸੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੀਆਂ ਪੰਜ ਟੀਮਾਂ ਮੌਕੇ ’ਤੇ ਮੌਜੂਦ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਬਿਜਲੀ ਦੀਆਂ ਜ਼ਮੀਨ ਉਪਰ ਪਈਆਂ ਹੋਣ ਕਰਕੇ ਬਚਾਅ ਕਾਰਜਾਂ ਵਿੱਚ ਦੇਰ ਹੋਈ ਤੇ ਸਹਾਇਤਾ ਵੀ ਦੇਰ ਮਿਲੀ। ਬਾਲਮੀਕੀ ਦਿਵਸ ਹੋਣ ਕਰਕੇ ਇਸ ਇਮਾਰਤ ਦੇ ਆਸ-ਪਾਸ ਰਹਿੰਦੇ ਲੋਕਾਂ ਵਿੱਚੋਂ ਵੱਡੀ ਗਿਣਤੀ ਨਿਵਾਸੀ ਦਿਵਸ ਮਨਾਉਣ ਗਏ ਹੋਏ। ਐਤਵਾਰ ਹੋਣ ਕਰਕੇ ਬਾਜ਼ਾਰ ਵੀ ਬੰਦ ਸੀ। ਲੋਕਾਂ ਨੇ ਦੱਸਿਆ ਕਿ ਆਮ ਦਿਨ ਹੁੰਦਾ ਤਾਂ ਜਾਨੀ ਨੁਕਸਾਨ ਵੱਧ ਹੋਣਾ ਸੀ।