ਮਨਧੀਰ ਦਿਓਲ
ਨਵੀਂ ਦਿੱਲੀ, 8 ਅਕਤੂਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਰੇਸ ਕੋਰਸ ਕਲੱਬ ਵਿੱਚ ਰਹਿ ਰਹੇ ਮਰਹੂਮ ਰਾਜੇਸ਼ ਕੁਮਾਰ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਭਾਵੁਕ ਹੋ ਗਏ। ਮਰਹੂਮ ਰਾਜੇਸ਼ ਕੁਮਾਰ ਭਾਰਤੀ ਹਵਾਈ ਸੈਨਾ ਵਿੱਚ ਤਾਇਨਾਤ ਸਨ ਤੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਸੰਚਾਲਨ ਸਿਖਲਾਈ ਦੇ ਦੌਰਾਨ 3 ਜੂਨ 2019 ਨੂੰ ਇੱਕ ਜਹਾਜ਼ ਹਾਦਸੇ ਵਿੱਚ ਸ਼ਹੀਦ ਹੋ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮਰਹੂਮ ਰਾਜੇਸ਼ ਕੁਮਾਰ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਨਿਭਾ ਰਹੇ ਸਨ ਤੇ ਦੇਸ਼ ਦੀ ਸੇਵਾ ਕਰਦੇ ਹੋਏ ਇੱਕ ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਸਨ। ਅੱਜ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਇੱਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਾ ਚੈੱਕ ਸੌਂਪਿਆ।
ਉਨ੍ਹਾਂ ਕਿਹਾ, ‘ਅਸੀਂ ਮਰਹੂਮ ਰਾਜੇਸ਼ ਕੁਮਾਰ ਦੇ ਜੀਵਨ ਦੀ ਕੀਮਤ ਨਹੀਂ ਦੇ ਸਕਦੇ ਪਰ ਮੈਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਥੋੜ੍ਹੀ ਮਦਦ ਮਿਲੇਗੀ। ਅਸੀਂ ਪਹਿਲਾਂ ਹੀ ਮਰਹੂਮ ਰਾਜੇਸ਼ ਕੁਮਾਰ ਦੀ ਇੱਕ ਭੈਣ ਨੂੰ ਸਿਵਲ ਡਿਫੈਂਸ ਵਿੱਚ ਸ਼ਾਮਲ ਕਰ ਚੁੱਕੇ ਹਾਂ। ਦੂਜੀ ਭੈਣ ਨੂੰ ਵੀ ਨੌਕਰੀ ਦੇਵਾਂਗੇ ਤੇ ਭਵਿੱਖ ਵਿੱਚ ਵੀ ਉਸਦੇ ਪਰਿਵਾਰ ਦੀ ਦੇਖਭਾਲ ਕਰਾਂਗੇ’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, “ਮਰਹੂਮ ਰਾਜੇਸ਼ ਕੁਮਾਰ ਜੀ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਕਰ ਰਹੇ ਸਨ। ਉਹ ਦੇਸ਼ ਦੀ ਸੇਵਾ ਕਰਦੇ ਹੋਏ ਇੱਕ ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਸਨ। ਅੱਜ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ 1 ਕਰੋੜ ਰੁਪਏ ਦੀ ਸਹਾਇਤਾ ਦਾ ਚੈੱਕ ਸੌਂਪਿਆ। ਉਮੀਦ ਹੈ ਕਿ ਇਹ ਪਰਿਵਾਰ ਦੀ ਮਦਦ ਕਰੇਗਾ। ਭਵਿੱਖ ਵਿੱਚ ਵੀ ਸਵਰਗੀ ਰਾਜੇਸ਼ ਕੁਮਾਰ ਜੀ ਦੇ ਪਰਿਵਾਰ ਦੀ ਦੇਖਭਾਲ ਕਰਾਂਗੇ’
ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਰਹੂਮ ਰਾਜੇਸ਼ ਕੁਮਾਰ ਦੋ ਸਾਲ ਪਹਿਲਾਂ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਸਨ ਤੇ ਜਦੋਂ ਉਨ੍ਹਾਂ ਦਾ ਜਹਾਜ਼ ਓਪਰੇਸ਼ਨਲ ਟ੍ਰੇਨਿੰਗ ਸੌਰਟੀ (ਏਅਰ ਮੇਨਟੇਨੈਂਸ) ਦੌਰਾਨ ਕ੍ਰੈਸ਼ ਹੋ ਗਿਆ ਸੀ ਤਾਂ ਉਹ ਸ਼ਹੀਦ ਹੋ ਗਏ ਸਨ। ਜਿਵੇਂ ਫ਼ੌਜ ਵਿੱਚ ਤਾਇਨਾਤ ਦਿੱਲੀ ਦੇ ਲੋਕ ਸ਼ਹੀਦ ਹੁੰਦੇ ਹਨ ਦਿੱਲੀ ਸਰਕਾਰ ਉਨ੍ਹਾਂ ਲੋਕਾਂ ਨੂੰ ਇੱਕ ਕਰੋੜ ਸਨਮਾਨ ਰਾਸ਼ੀ ਦਿੰਦੀ ਹੈ। ਪਹਿਲਾਂ ਹੀ ਮਰਹੂਮ ਰਾਜੇਸ਼ ਦੀ ਇੱਕ ਭੈਣ ਸਿਵਲ ਡਿਫੈਂਸ ਵਿੱਚ ਸ਼ਾਮਲ ਹੈ। ਦੂਜੀ ਭੈਣ ਨੂੰ ਵੀ ਨੌਕਰੀ ਦਿੱਤੀ ਜਾਵੇਗੀ।