ਨਵੀਂ ਦਿੱਲੀ, 5 ਜੁਲਾਈ
ਰਾਸ਼ਟਰੀ ਰਾਜਧਾਨੀ ਦੀ ਤੀਸ ਹਜ਼ਾਰੀ ਅਦਾਲਤ ’ਚ ਅੱਜ ਵਕੀਲਾਂ ਦੇ ਦੋ ਧੜਿਆਂ ਵਿਚਾਲੇ ਝੜਪ ਦੌਰਾਨ ਗੋਲੀ ਚੱਲ ਗਈ। ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਬਾਅਦ ਦੁਪਹਿਰ 1.35 ਵਜੇ ਦੇ ਕਰੀਬ ਤੀਸ ਹਜ਼ਾਰੀ ਕੋਰਟ ਕੰਪਲੈਕਸ ਇਲਾਕੇ ਦੇ ਸਬਜ਼ੀ ਮੰਡੀ ਥਾਣੇ ‘ਚ ਗੋਲੀਬਾਰੀ ਦੀ ਸੂਚਨਾ ਮਿਲੀ। ਪੁਲੀਸ ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਵਕੀਲਾਂ ਦੇ ਦੋ ਸਮੂਹ, ਜਿਨ੍ਹਾਂ ਵਿੱਚ ਤੀਸ ਹਜ਼ਾਰੀ ਕੋਰਟ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਸ਼ਾਮਲ ਸਨ, ਨੇ ਕਥਿਤ ਤੌਰ ‘ਤੇ ਹਵਾ ਵਿੱਚ ਗੋਲੀਬਾਰੀ ਕੀਤੀ ਅਤੇ ਕੋਈ ਜ਼ਖਮੀ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਸਥਿਤੀ ਆਮ ਵਾਂਗ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।