ਕੁਲਦੀਪ ਸਿੰਘ
ਨਵੀਂ ਦਿੱਲੀ, 17 ਸਤੰਬਰ
ਪੰਜਾਬੀ ਸਾਹਿਤ ਸਭਾ ਨੇ ਤਿੰਨ ਦਹਾਕਿਆਂ ਤੋਂ ਚਲਦੀ ਆ ਰਹੀ ਆਪਣੀ ਮਾਸਿਕ ਸਾਹਿਤਕ ਇਕੱਤਰਤਾ ਪੰਜਾਬੀ ਭਵਨ ਵਿੱਚ ਡਾ. (ਪ੍ਰੋ.) ਜਸਪਾਲ ਕੌਰ (ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ) ਦੀ ਪ੍ਰਧਾਨਗੀ ਹੇਠ ਕਰਵਾਈ। ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸੱਦੇ ਗਏ ਲੇਖਕਾਂ ਨਾਲ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਢਾਹਾਂ ਇਨਾਮ ਜੇਤੂ ਕੇਸਰਾ ਰਾਮ ਹੁਣ ਤਕ ਸੱਤ ਕਹਾਣੀ ਸੰਗ੍ਰਹਿ ਅਤੇ ਵਿਜੇਦਾਨ ਦੇਥਾ ਦੇ ਹਿੰਦੀ-ਰਾਜਸਥਾਨੀ ਸਾਹਿਤ ਦੇ ਅਨੁਵਾਦ ਨਾਲ ਪੰਜਾਬੀ ਵਿਚ ਵਿਲੱਖਣ ਯੋਗਦਾਨ ਪਾ ਚੁੱਕਿਆ ਹੈ। ਉਸ ਨੇ ‘ਕੌਣ ਦੇਸ ਹੈ ਮੇਰਾ’ ਨਾਂ ਦੀ ਕਹਾਣੀ ਸੁਣਾਈ, ਜਿਸ ਵਿਚ ਕਰੋਨਾ ਕਾਲ ਦੌਰਾਨ ਆਪਣੇ ਦੇਸ਼ ’ਚ ਪਰਵਾਸੀ ਮਜ਼ਦੂਰਾਂ ਉਤੇ ਸਰਕਾਰੀ ਜਬਰ ਦਾ ਦਿਲ ਵਿੰਨ੍ਹਵਾਂ ਬਿਰਤਾਂਤ ਸੀ। ਕਹਾਣੀ ਸੁਣਾਉਂਦਿਆਂ ਲੇਖਕ ਭਾਵੁਕ ਹੋ ਗਿਆ ਤੇ ਨਾਲ ਹੀ ਸਰੋਤੇ ਵੀ। ਮੱਖਣ ਮਾਨ ਨੇ ‘ਸਿਮਰਤੀ ਸਮਾਰੋਹ’ ਨਾਂ ਦੀ ਕਹਾਣੀ ਸੁਣਾਈ, ਜਿਸ ਵਿਚ ਸਾਹਿਤਕ ਸਰੋਕਾਰਾਂ ਸਮੇਤ ਲੇਖਕ ਜਥੇਬੰਦੀਆਂ ਵਿੱਚ ਧੜੇਬੰਦੀਆਂ ਅਤੇ ਔਰਤ ਲੇਖਕਾਵਾਂ ਪ੍ਰਤੀ ਉਲਾਰ ਭਾਵਨਾਵਾਂ ਦੇ ਜ਼ਿਕਰ ਵਿਅੰਗ ਵਜੋਂ ਉਭਰੇ। ਦੋਵੇਂ ਕਹਾਣੀਆਂ ਨੇ ਸਮਕਾਲੀ ਕਹਾਣੀ ਵਿਚ ਖ਼ਾਸ ਮੁਕਾਮ ਬਣਾ ਕੇ ਭਰਵੀਂ ਪੈਂਠ ਪਾਈ। ਡਾ. (ਪ੍ਰੋ.) ਜਸਪਾਲ ਕੌਰ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਆਖਿਆ ਕਿ ਦੋਵੇਂ ਕਹਾਣੀਆਂ ਵੱਖਰੇ-ਵੱਖਰੇ ਦ੍ਰਿਸ਼ ਸਿਰਜਦੀਆਂ ਸਾਡੇ ਅੰਦਰ ਸਵਾਲ ਪੈਦਾ ਕਰਦੀਆਂ ਹਨ।
ਉਨ੍ਹਾਂ ਪੰਜਾਬੀ ਸਾਹਿਤ ਸਭਾ ਵੱਲੋਂ ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਨੂੰ ਪ੍ਰਫੱਲਤ ਕਰਨ ਦੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਇਸ ਇਕੱਤਰਤਾ ਵਿੱਚ ਡਾ. ਰੇਣੁਕਾ ਸਿੰਘ, ਤਰਿੰਦਰ ਕੌਰ, ਫ਼ਿਲਮਸਾਜ਼ ਤਰਸੇਮ, ਅਮਨਦੀਪ ਸਿੰਘ, ਤਰਲੋਚਨ ਕੌਰ ਤੇ ਕੁਝ ਖੋਜਾਰਥੀ ਤੇ ਵਿਦਿਆਰਥੀ ਸ਼ਾਮਲ ਹੋਏ।