ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਜੂਨ
ਕੌਮੀ ਰਾਜਧਾਨੀ ਦੇ ਇੱਕ ਰਸਾਇਣਕ ਗੋਦਾਮ ਵਿੱਚ ਬੁੱਧਵਾਰ ਤੜਕੇ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੱਛਮੀ ਦਿੱਲੀ ਦੇ ਮੰਗੋਲਪੁਰੀ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਇੱਕ ਰਸਾਇਣਕ ਫੈਕਟਰੀ ਵਿੱਚ ਸਵੇਰੇ 3.05 ਵਜੇ ਅੱਗ ਲੱਗਣ ਦੀ ਘਟਨਾ ਬਾਰੇ ਇੱਕ ਫੋਨ ਕਾਲ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ 20 ਫਾਇਰ ਟੈਂਡਰਾਂ ਨੂੰ ਸੇਵਾ ਵਿੱਚ ਲਗਾਇਆ ਗਿਆ। ਅੱਗ ਬਹੁਤ ਜ਼ਿਆਦਾ ਹੋਣ ਕਾਰਨ ਛੇ ਹੋਰ ਫਾਇਰ ਟੈਂਡਰ ਘਟਨਾ ਸਥਾਨ ’ਤੇ ਭੇਜੇ ਗਏ। ਅਧਿਕਾਰੀ ਨੇ ਦੱਸਿਆ ਕਿ ਸਵੇਰੇ 6.50 ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਅੱਗ ਦੀ ਘਟਨਾ ਰਾਜ ਪਾਰਕ ਇਲਾਕੇ ਦੀ ਹਦੂਦ ਅੰਦਰ ਆਈ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਬਾਹਰੀ) ਸਮੀਰ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਇੱਕ ਗੋਦਾਮ ਵਿੱਚ ਵਾਪਰੀ ਹੈ। ਮੁੱਢਲੀ ਪੜਤਾਲ ਮਗਰੋਂ ਇਸ ਦਾ ਕਾਰਨ ਸ਼ਾਰਟ ਸਰਕਟ ਹੋਣ ਜਾਪ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੋਦਾਮ ਵਿੱਚ ਜੁੱਤੀਆਂ ਸਾਫ਼ ਕਰਨ ਅਤੇ ਧੋਣ ਲਈ ਵਰਤੇ ਜਾਂਦੇ ਕੁਝ ਰਸਾਇਣਾਂ ਨੂੰ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਘਟਨਾ ਸਮੇਂ ਗੋਦਾਮ ਦਾ ਚੌਕੀਦਾਰ ਹੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।