ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਉੱਤਰੀ ਦਿੱਲੀ ਦੇ ਭਲਸਵਾ ਡੇਅਰੀ ਖੇਤਰ ਵਿੱਚ ਇੱਕ ਲੱਕੜ ਦੇ ਗੁਦਾਮ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਗ ਦੀ ਘਟਨਾ ਵਿੱਚ ਕਿਸੇ ਦੇ ਫਸਣ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ। ਇਸ ਖੇਤਰ ਵਿੱਚ ਫਰਨੀਚਰ ਦਾ ਕੰਮ ਕੀਤਾ ਜਾਂਦਾ ਹੈ ਤੇ ਇੱਥੇ ਬਹੁਤ ਸਾਰੀਆਂ ਦੁਕਾਨਾਂ ਅਤੇ ਗੋਦਾਮ ਹਨ। ਖੇਤਰ ਵਿੱਚ ਪਹਿਲਾਂ ਵੀ ਅੱਗ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅਧਿਕਾਰੀਆਂ ਅਨੁਸਾਰ ਫਰਨੀਚਰ ਦੇ ਗੋਦਾਮ ਵਿੱਚ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਅੰਦਰ ਪਈ ਸੁੱਕੀ ਲੱਕੜ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਦੇ ਹੀ ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਅੱਗ ਬੁਝਾਊ ਇੰਜਣ ਮੌਕੇ ’ਤੇ ਭੇਜੇ ਗਏ ਅਤੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ ਉੱਪਰ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਮੁਤਾਬਿਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਬਹੁਤ ਤੇਜ਼ ਗਰਮੀ ਪੈ ਰਹੀ ਹੈ ਤੇ ਤੇਜ਼ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ। ਬੀਤੇ ਦਿਨ ਅੱਗ ਦੀਆਂ ਦੋ ਘਟਨਾਵਾਂ ਵਿੱਚ ਦਸ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਸੱਤ ਬੱਚੇ ਵੀ ਸ਼ਾਮਲ ਹਨ। ਇਸੇ ਤਰ੍ਹਾਂ ਦੋ ਦਿਨ ਪਹਿਲਾਂ ਅਲੀਪੁਰ ਵਿੱਚ ਇੱਕ ਆਲੀਸ਼ਾਨ ਬੈਂਕੁਅਟ ਹਾਲ ਨੂੰ ਵੀ ਅੱਗ ਲੱਗ ਗਈ ਸੀ ਅਤੇ ਲੱਖਾਂ ਦਾ ਨੁਕਸਾਨ ਹੋਇਆ ਸੀ। ਬੀਤੇ ਹਫਤੇ ਅੱਧੀ ਦਰਜਨ ਤੋਂ ਵੱਧ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ।
ਉੱਤਮ ਨਗਰ ਇਲਾਕੇ ਵਿੱਚ ਚੱਲਦੀ ਕਾਰ ਵਿੱਚ ਅੱਗ ਲੱਗੀ
ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਉੱਤਮ ਨਗਰ ਇਲਾਕੇ ਵਿਚ ਅੱਜ ਇਕ ਚੱਲਦੀ ਕਾਰ ਵਿੱਚ ਅੱਗ ਗਈ। ਅੱਗ ਲੱਗਣ ਕਾਰਨ ਕਾਰ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਦਿੱਲੀ ਟਰੈਫਿਕ ਪੁਲੀਸ ਨੇ ਦੱਸਿਆ ਕਿ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਪਰ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਸਿਰਫ਼ ਕਾਰ ਚਾਲਕ ਹੀ ਵਾਹਨ ਵਿੱਚ ਮੌਜੂਦ ਸੀ, ਜੋ ਅੱਗ ਲੱਗਦੀ ਦੇਖ ਕਾਰ ਵਿੱਚੋਂ ਬਾਹਰ ਨਿਕਲ ਗਿਆ। ਦਿੱਲੀ ਟ੍ਰੈਫਿਕ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਮ ਨਗਰ ਤੋਂ ਗੇਟਕਾ ਮੋੜ ਵੱਲ ਜਾਣ ਵਾਲੇ ਮਾਰਗ ’ਤੇ ਕਾਰ ਵਿੱਚ ਅੱਗ ਲੱਗਣ ਦੀ ਘਟਨਾ ਕਾਰਨ ਨਜਫਗੜ੍ਹ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕ ਜਾਮ ਵਿੱਚ ਫਸੇ ਰਹੇ। ਉਨ੍ਹਾਂ ਦੱਸਿਆ ਕਿ ਜਦੋਂ ਅੱਗ ਬਾਰੇ ਪਤਾ ਲੱਗਾ ਤਾਂ ਫਾਇਰ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਇਕ ਅੱਗ ਬੁਝਾਊਂ ਗੱਡੀ ਨਾਲ ਅੱਗ ’ਤੇ ਕਾਬੂ ਪਾਇਆ। -ਪੀਟੀਆਈ