ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਦਿੱਲੀ ਫਾਇਰ ਸਰਵਿਸ ਦੀਆਂ ਗੱਡੀਆਂ ਸਟੇਸ਼ਨ ਵੱਲ ਤੁਰੰਤ ਭੇਜੀਆਂ ਗਈਆਂ। ਅਧਿਕਾਰੀਆਂ ਨੇ 4 ਅੱਗ ਬੁਝਾਊ ਇੰਜਣਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜਾਣਕਾਰੀ ਮੁਤਾਬਕ ਅੱਗ ਸਟੇਸ਼ਨ ਦੇ ਖੁੱਲ੍ਹੀ ਥਾਂ ਵਾਲੇ ਇਕ ਪਾਸੇ ਟੀਨ ਦੇ ਬਣੇ ਖੋਖਿਆਂ ਵਿੱਚ ਲੱਗੀ, ਜੋ ਯਾਤਰੀਆਂ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਸਨ। ਅੱਗ ਲੱਗਣ ਵੇਲੇ ਯਾਰਡ ਵਿੱਚ ਕਈ ਰਾਜਧਾਨੀ ਐਕਸਪ੍ਰੈਸ ਗੱਡੀਆਂ ਖੜ੍ਹੀਆਂ ਹੋਈਆਂ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਕਿਉਂਕਿ ਆਮ ਯਾਤਰੀਆਂ ਲਈ ਰੇਲ ਸੇਵਾਵਾਂ ਠੱਪ ਹਨ।