ਨਵੀਂ ਦਿੱਲੀ, 2 ਜੁਲਾਈ
ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ (ਐੱਲਐੱਨਜੇਪੀ) ਹਸਪਤਾਲ ਕੰਪਲੈਕਸ ਵਿੱਚ ਇਕ ਨਿਰਮਾਣ ਅਧੀਨ ਇਮਾਰਤ ’ਚ ਅੱਜ ਸਵੇਰੇ ਕੰਮ ਕਰਦੇ ਮਜ਼ਦੂਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੂੰ ਕਰੰਟ ਲੱਗਣ ਤੋਂ ਬਾਅਦ ਉੱਥੇ ਕੰਮ ਕਰ ਰਿਹਾ ਇੱਕ ਹੋਰ ਮਜ਼ਦੂਰ ਉਸ ਨੂੰ ਸਵੇਰੇ 9 ਵਜੇ ਦੇ ਕਰੀਬ ਐੱਲਐੱਨਜੇਪੀ ਦੇ ਐਮਰਜੈਂਸੀ ਵਾਰਡ ਵਿੱਚ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਅਤੇ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਿਹਾਰ ਦੇ ਸਮਸਤੀਪੁਰ ਦੇ ਰਹਿਣ ਵਾਲੇ ਸੁਜੀਤ ਕੁਮਾਰ ਵਜੋਂ ਹੋਈ ਹੈ।
ਐੱਲਐੱਨਜੇਪੀ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਅਨੁਸਾਰ ਜੀਬੀ ਪੰਤ ਅਤੇ ਐਲਐਨਜੇਪੀ ਹਸਪਤਾਲ ਵਿਚਾਲੇ ਬਣ ਰਹੀ 22 ਮੰਜ਼ਿਲਾ ਇਮਾਰਤ ਦੀ ਉਸਾਰੀ ਵਾਲੀ ਥਾਂ ’ਤੇ ਮਜ਼ਦੂਰ ਨੂੰ ਕਰੰਟ ਲੱਗਾ। ਡਾਕਟਰ ਨੇ ਕਿਹਾ ਕਿ ਇਹ ਜਗ੍ਹਾ ਲੋਕ ਨਿਰਮਾਣ ਵਿਭਾਗ ਦੀ ਮਲਕੀਅਤ ਹੈ ਅਤੇ ਇਮਾਰਤ ਦੇ ਨਿਰਮਾਣ ਤੋਂ ਬਾਅਦ ਇੱਥੇ ਐਲਐਨਜੇਪੀ ਹਸਪਤਾਲ ਦਾ ਜੱਚਾ ਅਤੇ ਬੱਚਾ ਬਲਾਕ ਬਣਾਇਆ ਜਾਵੇਗਾ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਮਜ਼ਦੂਰ ਨੂੰ ਕਰੰਟ ਲੱਗਣ ਦੀ ਘਟਨਾ ‘ਐੱਲਐੱਨਜੇਪੀ ਅਤੇ ਜੀਬੀ ਪੰਤ ਵਰਗੇ ਹਸਪਤਾਲਾਂ ਨੂੰ ਚਲਾਉਣ ਵਿੱਚ ਦਿੱਲੀ ਸਰਕਾਰ ਦੀ ਅਸੰਵੇਦਨਸ਼ੀਲਤਾ’ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਐੱਲਐੱਨਜੇਪੀ ਹਸਪਤਾਲ ਕੰਪਲੈਕਸ ਵਿੱਚ ਇੱਕ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਮਈ ਵਿੱਚ ਜੀਬੀ ਪੰਤ ਹਸਪਤਾਲ ਵਿੱਚ ਕਥਿਤ ਜਬਰ-ਜਨਾਹ ਅਤੇ ਹਮਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇੱਕ ਔਰਤ ਦੀ ਮੌਤ ਹੋ ਗਈ ਸੀ। -ਪੀਟੀਆਈ