ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਪੱਛਮੀ ਦਿੱਲੀ ਵਿੱਚ ਸਿੱਖਾਂ ਦੀ ਬਹੁ-ਗਿਣਤੀ ਵਾਲੇ ਇਲਾਕੇ ਵਿਸ਼ਨੂੰ ਗਾਰਡਨ ਤੇ ਸ਼ਾਮ ਨਗਰ ਹਲਕੇ ਤੋਂ ਵੱਡੀ ਗਿਣਤੀ ਸਿੱਖ ਨੌਜਵਾਨ ਅੱਜ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਵਿੱਚ ਸ਼ਾਮਲ ਹੋਏ।
ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਾਰੇ ਨੌਜਵਾਨਾਂ ਦਾ ਸਿਰੋਪਾਓ ਭੇਟ ਕਰ ਕੇ ਆਪਣੀ ਪਾਰਟੀ ਵੱਲੋਂ ਸਵਾਗਤ ਕੀਤਾ। ਦਿੱਲੀ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਪੱਪਾ ਦੇ ਪੁੱਤਰ ਸਰਵਜੋਤ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਲ ਹੋਏ। ਮੀਟਿੰਗ ’ਚ ਕਾਹਲੋਂ ਨੇ ਸਰਵਜੋਤ ਸਿੰਘ ‘ਐਸ਼’ ਤੇ ਗੁਰਪ੍ਰੀਤ ਸਿੰਘ ਨੂੰ ਛੇਤੀ ਹੀ ਯੂਥ ਅਕਾਲੀ ਦਲ ’ਚ ਵੱਡੀ ਜ਼ਿੰਮੇਵਾਰੀ ਸੌਂਪਣ ਦੇ ਸੰਕੇਤ ਦਿੱਤੇ। ਕਾਹਲੋਂ ਨੇ ਦੱਸਿਆ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਪਾਰਟੀ ਬਣੀ ਹੈ, ਉਦੋਂ ਤੋਂ ਹੀ ਦਿੱਲੀ ਦੀ ਸੰਗਤ ਦਾ ਪਿਆਰ ਲਗਾਤਾਰ ਉਨ੍ਹਾਂ ਨੂੰ ਮਿਲ ਰਿਹਾ ਹੈ। ਲੋਕ ਆਪ ਅੱਗੇ ਆ ਕੇ ਪਾਰਟੀ ਨਾਲ ਜੁੜ ਰਹੇ ਹਨ ਕਿਉਂਕਿ ਮੌਜੂਦਾ ਦਿੱਲੀ ਕਮੇਟੀ ਦੀ ਟੀਮ ਵੱਲੋਂ ਧਰਮ ਪ੍ਰਚਾਰ, ਸਿੱਖਿਆ, ਸਿਹਤ ਸਹੂਲਤਾਂ, ਮਨੁੱਖਤਾ ਦੀ ਸੇਵਾ ਨੂੰ ਧਿਆਨ ’ਚ ਰੱਖਦਿਆਂ ਜੋ ਕੰਮ ਕੀਤੇ ਜਾ ਰਹੇ ਹਨ ਉਹ ਬੇਮਿਸਾਲ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਧਦੇ ਈਸਾਈ ਧਰਮ ਨੂੰ ਠੱਲ੍ਹ ਪਾਉਣ ਲਈ ਸ਼ੁਰੂ ਕੀਤੀ ਗਈ ‘ਧਰਮ ਜਾਗਰੂਕਤਾ ਲਹਿਰ’ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਹੈ। ਪੰਜਾਬ ’ਚ ਬੀਤੇ ਦਿਨੀਂ 12 ਪਰਿਵਾਰਾਂ ਨੇ ਸਿੱਖ ਧਰਮ ’ਚ ਮੁੜ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ, ‘‘ਸਾਡੀਆਂ ਟੀਮਾਂ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਲੋਕਾਂ ਨੂੰ ਧਰਮ ਪ੍ਰਤੀ ਜਾਗਰੂਕ ਕਰ ਰਹੀਆਂ ਹਨ। ਇਸੇ ਦਾ ਸਿੱਟਾ ਹੈ ਕਿ ਸੁੱਤੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਹੁਣ ਨੀਂਦ ਖੁੱਲ੍ਹੀ ਹੈ।’’