ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਏਆਈਡੀਐੱਸਓ ਦਿੱਲੀ ਇਕਾਈ ਨੇ ਅੱਜ ਸੈਣੀ ਧਰਮਸ਼ਾਲਾ, ਕਨ੍ਹੱਈਆ ਨਗਰ, ਨਵੀਂ ਦਿੱਲੀ ਵਿਖੇ ਆਪਣੀ 5ਵੀਂ ਸਟੇਟ ਸਟੂਡੈਂਟਸ ਕਾਨਫਰੰਸ ਕੀਤੀ। ਇਸ ਵਿੱਚ ਜੀ.ਜੀ.ਐਸ.ਆਈ.ਪੀ. ਯੂਨੀਵਰਸਿਟੀ ਦੇ ਪ੍ਰੋ. ਵਿਵੇਕ ਸਚਦੇਵਾ ਨੇ ਸ਼ਿਰਕਤ ਕੀਤੀ ਤੇ ਪ੍ਰਧਾਨਗੀ ਏਆਈਡੀਐੱਸਓ ਦਿੱਲੀ ਦੇ ਸੂਬਾ ਪ੍ਰਧਾਨ ਪ੍ਰਸ਼ਾਂਤ ਕੁਮਾਰ ਨੇ ਕੀਤੀ।
ਪ੍ਰੋ. ਵਿਵੇਕ ਨੇ ਵਿਸ਼ਲੇਸ਼ਣ ਕੀਤਾ ਕਿ ਕਿਵੇਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨਾ ਆਮ ਲੋਕਾਂ ਲਈ ਜਨਤਕ ਸਿੱਖਿਆ ਦੀ ਪਹੁੰਚ ਅਤੇ ਸਮਰੱਥਾ ’ਤੇ ਹਮਲਾ ਕਰ ਰਿਹਾ ਹੈ। ਸਿੱਖਿਆ ਦੇ ਵਸਤੂਕਰਨ ਵਿੱਚ ਨੀਤੀ ਦੀ ਭੂਮਿਕਾ ਵੱਲ ਇਸ਼ਾਰਾ ਕੀਤਾ ਕਿਉਂਕਿ ਇਸ ਨੇ ਸਿੱਖਿਆ ਨੂੰ ਨਿੱਜੀ ਨਿਵੇਸ਼ ਲਈ ਇੱਕ ਖੇਤਰ ਵਜੋਂ ਅੱਗੇ ਵਧਾਇਆ ਤੇ ਸਿੱਖਿਆ ਲਈ ਖਰਚ ਵਧਾਉਣ ਲਈ ਠੋਸ ਉਪਾਵਾਂ ਦਾ ਸੁਝਾਅ ਨਹੀਂ ਦਿੱਤਾ। ਪ੍ਰਾਣ ਸ਼ਰਮਾ ਨੇ ਨਿਖੇਧੀ ਕੀਤੀ ਕਿ ਸੱਤਾਧਾਰੀ ਪ੍ਰਬੰਧ ਦਾ ਮਨੋਰਥ ਸਹੀ ਅਰਥਾਂ ਵਿੱਚ ਸਿੱਖਿਆ ਦੇਣਾ ਨਹੀਂ ਹੈ ਸਗੋਂ ਸਰਮਾਏਦਾਰ ਜਮਾਤ ਦੇ ਹਿੱਤ ਵਿੱਚ ਆਗਿਆਕਾਰੀ ਤੇ ਅਧੀਨ ਕਰਮਚਾਰੀ ਪੈਦਾ ਕਰਨਾ ਹੈ। ਇਤਿਹਾਸ ਦੀਆਂ ਗਲਤ ਧਾਰਨਾਵਾਂ ਬਣਾ ਕੇ ਸਿੱਖਿਆ ਦਾ ਭਗਵਾਕਰਨ ਕਰਨ ਦਾ ਕਦਮ ਭਾਈਚਾਰਿਆਂ ਦਾ ਧਰੁਵੀਕਰਨ ਕਰਨ ਤੇ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਵਿੱਚ ਮਦਦ ਕਰੇਗਾ।
ਆਲ ਇੰਡੀਆ ਮੀਤ ਪ੍ਰਧਾਨ ਸਚਿਨ ਜੈਨ ਨੇ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਕਿ ਕਿਵੇਂ ਐੱਨਟੀਏ ਵਰਗੀਆਂ ਏਜੰਸੀਆਂ ਦੁਆਰਾ ਸਿੱਖਿਆ ਨੂੰ ਕੇਂਦਰਿਤ ਕਰਨ ਲਈ ਨੀਤੀ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕੋਚਿੰਗ ਸੈਂਟਰਾਂ ਲਈ ਕਾਰੋਬਾਰ ਨੂੰ ਉਛਾਲ ਦੇਵੇਗੀ ਅਤੇ ਹਾਸ਼ੀਏ ‘ਤੇ ਪਏ ਵਰਗਾਂ ਦੇ ਯੋਗ ਵਿਦਿਆਰਥੀਆਂ ਨੂੰ ਉੱਚ ਵਿਦਿਅਕ ਸੰਸਥਾਵਾਂ ਵਿੱਚ ਦਾਖਲ ਹੋਣ ਵਿੱਚ ਰੁਕਾਵਟ ਪਾਵੇਗੀ।
ਦਿਨੇਸ਼ ਮੋਹੰਤਾ ਨੇ ਇਸ ਸਿੱਖਿਆ ਨੀਤੀ ਨੂੰ ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਫਿਰਕੂਕਰਨ ਦਾ ਬਲੂ-ਪ੍ਰਿੰਟ ਕਰਾਰ ਦਿੱਤਾ ਤੇ ਵਿਦਿਆਰਥੀ ਭਾਈਚਾਰੇ ਨੂੰ ਸਿੱਖਿਆ ‘ਤੇ ਹੋ ਰਹੇ ਹਮਲੇ ਦਾ ਵਿਰੋਧ ਕਰਨ ਲਈ ਉੱਠਣ ਦਾ ਸੱਦਾ ਦਿੱਤਾ। ਜ਼ੋਰ ਦੇ ਕੇ ਕਿਹਾ ਕਿ ਏਆਈਡੀਐੱਸਓ ਸਮਾਜਿਕ ਵਿਤਕਰੇ ਅਤੇ ਸੱਭਿਆਚਾਰਕ ਪਤਨ ਵਿਰੁੱਧ ਲੜਾਈ ਅਤੇ ਪੁਨਰਜਾਗਰਨ ਸ਼ਖਸੀਅਤਾਂ ਅਤੇ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਆਂ ਦੁਆਰਾ ਕਲਪਨਾ ਕੀਤੀ ਗਈ ਵਿਗਿਆਨਕ, ਧਰਮ ਨਿਰਪੱਖ ਤੇ ਜਮਹੂਰੀ ਸਿੱਖਿਆ ਪ੍ਰਣਾਲੀ ਲਈ ਵਚਨਬੱਧ ਹੈ।