ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਦਿੱਲੀ ਯੂਨੀਵਰਸਿਟੀ ਦੇ ਮਾਤਾ ਸੁੰਦਰੀ ਕਾਲਜ ਫਾਰ ਵਿਮੈੱਨ ਵੱਲੋਂ ਕਾਲਜ ਵਿੱਚ 56ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਦਿੱਲੀ ਨਗਰ ਨਿਗਮ ਦੀ ਮੇਅਰ ਡਾ. ਸ਼ੈਲੀ ਓਬਰਾਏ, ਡਿਪਟੀ ਮੇਅਰ ਆਲੀ ਮੁਹੰਮਦ ਇਕਬਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਜਸਮੇਨ ਸਿੰਘ ਨੋਨੀ, ਆਤਮਾ ਸਿੰਘ ਲੁਬਾਣਾ ਅਤੇ ਹੋਰਨਾਂ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਗਾਜ਼ ਵਿੱਚ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਨਾਲ ਹੀ ਪਿਛਲੇ ਅਕਾਦਮਿਕ ਵਰ੍ਹੇ ਅੰਤਰਗਤ ਕਾਲਜ ਦੀਆਂ ਪ੍ਰਾਪਤੀਆਂ ਨੂੰ ਵਿਸਤਾਰ ਨਾਲ ਪੇਸ਼ ਕੀਤਾ। ਜਗਦੀਪ ਸਿੰਘ ਕਾਹਲੋਂ ਨੇ ਆਪਣੇ ਭਾਸ਼ਣ ਵਿੱਚ ਕਾਲਜ ਦੀਆਂ ਗਤੀਵਿਧੀਆਂ ਦੀ ਖੂਬ ਸ਼ਲਾਘਾ ਕੀਤੀ। ਡਾ. ਰੂਬੀ ਓਬਰਾਏ ਨੇ ਵਿਦਿਆਰਥੀਆਂ ਨੂੰ ਸਫ਼ਾਈ ਦੇ ਫਾਇਦੇ ਦੱਸਦੇ ਹੋਏ ਦਿੱਲੀ ਦੀ ਸਫ਼ਾਈ ਨੂੰ ਪਹਿਲ ਦਿੰਦੇ ਹੋਏ ਸਮਾਰਟ ਸਿਟੀ ਬਣਾਉਣ ਲਈ ਪ੍ਰੇਰਿਤ ਕੀਤਾ। ਅਲੀ ਮੁਹੰਮਦ ਇਕਬਾਲ ਨੇ ਸਿੱਖਿਆ ਪ੍ਰਣਾਲੀ ‘ਤੇ ਧਿਆਨ ਕੇਂਦਰਿਤ ਕਰਨ ਅਤੇ ਜਨਤਕ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੀ ਲੋੜ ‘ਤੇ ਚਾਨਣਾ ਪਾਇਆ। ਇਸ ਮੌਕੇ ‘ਤੇ ਕਾਲਜ ਦੀ ਸਾਲਾਨਾ ਆਯੋਜਨ ਕਮੇਟੀ ਦੁਆਰਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼਼ੁਰੂਆਤ ਸਲਾਨਾ ਮੈਗਜ਼ੀਨ ‘ਬਾਣੀ’ ਅਤੇ ਅਕਾਦਮਿਕ ਸੈਸ਼ਨ 2022-2023 ਦੀ ਸਾਲਾਨਾ ਰਿਪੋਰਟ ਜਾਰੀ ਕਰਕੇ ਕੀਤੀ ਗਈ। ਫੈਕਲਟੀ ਮੈਂਬਰਾਂ ਦੀਆਂ ਪ੍ਰਾਪਤੀਆਂ, ਸਾਹਿਤਕ ਕਾਰਜ, ਪ੍ਰਮੁੱਖ ਗਤੀਵਿਧੀਆਂ ਅਤੇ ਪ੍ਰਾਪਤ ਐਵਾਰਡ ਨੂੰ ਆਡੀਓ-ਵੀਡੀਓ ਰਾਹੀਂ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਗਣਿਤ ਅਤੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਅਤੇ ਗੈਰ ਵਿੱਦਿਅਕ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿਚ ਸਾਲਾਨਾ ਦਿਵਸ ਆਯੋਜਨ ਕਮੇਟੀ ਦੁਆਰਾ ਸਭ ਦਾ ਧੰਨਵਾਦ ਕੀਤਾ ਗਿਆ।