ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਦੱਖਣ-ਪੱਛਮੀ ਦਿੱਲੀ ਦੇ ਨਵਾਦਾ ਵਿੱਚ ਇੱਕ ਝਗੜੇ ਮਗਰੋਂ ਸਕੂਲ ਅਧਿਆਪਕ ਨੇ ਕਥਿਤ ਤੌਰ ’ਤੇ ਆਪਣੀ ਨੌਂ ਸਾਲਾ ਧੀ ਦੇ ਸਾਹਮਣੇ ਆਪਣੀ ਪਤਨੀ ਦੀ ਨਵਾਦਾ ਕਕਰੋਲਾ ਹਾਊਸਿੰਗ ਕੰਪਲੈਕਸ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ 6.24 ਵਜੇ ਜੋੜੇ ਦੇ ਵਿਚਕਾਰ ਝਗੜੇ ਦੀ ਸੂਚਨਾ ਮਿਲੀ ਸੀ ਤੇ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਜੋੜਾ ਨਵਾਦਾ ਕਕਰੋਲਾ ਹਾਊਸਿੰਗ ਕੰਪਲੈਕਸ ਵਿੱਚ ਰਹਿ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ ਮਗਰੋਂ ਤੁਰੰਤ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਨੂੰ ਔਰਤ ਮ੍ਰਿਤਕ ਪਾਈ ਗਈ, ਜਦ ਕਿ ਉਸ ਦਾ ਪਤੀ ਮੌਕੇ ਤੋਂ ਫ਼ਰਾਰ ਸੀ। ਪੁਲੀਸ ਦੇ ਡਿਪਟੀ ਕਮਿਸ਼ਨਰ (ਦਵਾਰਕਾ) ਐਮ ਹਰਸ਼ਵਰਧਨ ਨੇ ਦੱਸਿਆ ਕਿ ਜੋੜੇ ਦੀ ਧੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ’ਤੇ ਚਾਕੂ ਨਾਲ ਵਾਰ ਕੀਤਾ। ਡੀਸੀਪੀ ਨੇ ਕਿਹਾ ਕਿ ਮੋਹਨ ਗਾਰਡਨ ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਇੱਕ ਟੀਮ ਬਣਾਈ ਗਈ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ।