ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜਨਵਰੀ
ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਟਰੈਕਟਰ ਰੈਲੀ ਵਿੱਚ ‘ਆਪ’ ਕਾਰਕੁਨਾਂ ਦੇ ਆਮ ਕਿਸਾਨਾਂ ਵਾਂਗ ਸ਼ਾਮਲ ਹੋਣ ਦੇ ਐਲਾਨ ਮਗਰੋਂ ਦਿੱਲੀ ਦੇ ਆਮ ਆਦਮੀ ਪਾਰਟੀ ਵਰਕਰ ਵੀ ਦਿੱਲੀ ਦੇ ਸਿੰਘੂ ਬਾਰਡਰ ਦੇ ਧਰਨੇ ਵਿੱਚ ਆਮ ਲੋਕਾਂ ਵਾਂਗ ਸ਼ਾਮਲ ਹੋਏ।
ਇਹ ਲੋਕ ਸਿੰਘੂ ਬਾਰਡਰ ਵਿੱਚ ਪਹਿਲਾਂ ਦਿੱਲੀ ਸਰਕਾਰ ਦੇ ਗੁਰੂ ਤੇਗ਼ ਬਹਾਦਰ ਸਮਾਰਕ ’ਤੇ ਪੁੱਜੇ ਤੇ ਫਿਰ ਦਿੱਲੀ ਨਗਰ ਦੀ ਕਰ ਚੁੰਗੀ ਵਿੱਚੋਂ ਪੈਦਲ ਜਾਂਦੇ ਹੋਏ ਮੰਦਰ ਪਿੱਛੋਂ ਦੀ ਕਿਸਾਨ ਧਰਨੇ ਵਿੱਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਉਹ ਆਮ ਲੋਕਾਂ ਵਜੋਂ ਸ਼ਾਮਲ ਹੋਏ ਹਨ ਕਿਉਂਕਿ ਦੇਸ਼ ਦਾ ਅੰਨਦਾਤਾ ਸੜਕਾਂ ਉਪਰ ਆਪਣੇ ਹੱਕ ਲਈ ਜੂਝ ਰਿਹਾ ਹੈ। ਦਿੱਲੀ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹ ਕਿਸਾਨਾਂ ਦੀ ਹਰ ਸੰਭਵ ਮਦਦ ਕਰਨਗੇ। ਦਿੱਲੀ ਸਰਕਾਰ ਵੱਲੋਂ ਉਕਤ ਸਮਾਰਕ ਵਿੱਚ ਕਿਸਾਨਾਂ ਨੂੰ ਖਾਣ, ਰਹਿਣ ਤੇ ਸੌਣ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਹਨ। ਮੁੱਖ ਮੰਤਰੀ ਸਮੇਤ ਹੋਰ ਮੰਤਰੀ ਤੇ ਪੰਜਾਬੀ ਵਿਧਾਇਕ ਦਿੱਲੀ ਦੇ ਇਸ ਇਲਾਕੇ ਵਿੱਚ ਗੇੜੇ ਦੇ ਚੁੱਕੇ ਹਨ। ਪੰਜਾਬੀ ਅਕਾਦਮੀ ਵੱਲੋਂ ਇੱਥੇ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ ਸੀ ਤੇ ਉਹ ਇਕ ਕਿਸਾਨ ਜਥੇਬੰਦੀ ਵੱਲੋਂ ਉਲੀਕੇ ਧਾਰਮਿਕ ਪ੍ਰੋਗਰਾਮ ਵਿੱਚ ਆਪਣੇ ਤੌਰ ’ਤੇ ਸ਼ਾਮਲ ਵੀ ਹੋਏ ਸਨ। ਵਿਧਾਇਕ ਜਰਨੈਲ ਸਿੰਘ ਨੇ ਵੀ ਕਈ ਚੱਕਰ ਦਿੱਲੀ ਦੀ ਹਦੂਦ ’ਚ ਆਉਂਦੇ ਸਿੰਘੂ ਬਾਰਡਰ ਦੇ ਇਲਾਕੇ ਵਿੱਚ ਲਾਏ ਹਨ ਤੇ ਕਿਸਾਨਾਂ ਨਾਲ ਇਕਮੁੱਠਤਾ ਦਿਖਾਈ। ਅੱਜ ਜੋ ਵੀ ਕਾਰਕੁਨ ਆਏ ਉਨ੍ਹਾਂ ‘ਆਪ’ ਦੇ ਕੋਈ ਬੈਨਰ, ਪੋਸਟਰ ਜਾਂ ਬਿੱਲੇ ਨਹੀਂ ਲਾਏ ਹੋਏ ਸਨ।