ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਕਿਹਾ ਕਿ ਕੇਜਰੀਵਾਲ ਸਰਕਾਰ ਤੋਂ ਗੈਰ-ਸੰਵਿਧਾਨਕ ਤਰੀਕੇ ਨਾਲ ਸੇਵਾਵਾਂ ਖੋਹ ਕੇ ਕੇਂਦਰ ਸਰਕਾਰ ਅਧਿਕਾਰੀਆਂ ਦੇ ਤਬਾਦਲੇ ਕਰਕੇ ਛੇ ਲੱਖ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਦਿੱਲੀ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਦਾ ਸਮਾਂ ਚੱਲ ਰਿਹਾ ਹੈ ਪਰ ਪਿਛਲੇ ਡਾਇਰੈਕਟਰ ਦੇ ਤਬਾਦਲੇ ਤੋਂ 22 ਦਿਨਾਂ ਬਾਅਦ ਉੱਚ ਸਿੱਖਿਆ ਦੇ ਡਾਇਰੈਕਟਰ ਦੇ ਅਹੁਦੇ ’ਤੇ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਗਈ। ਸਿਸੋਦੀਆ ਨੇ ਕਿਹਾ ਕਿ ਸਕੂਲੀ ਸਿੱਖਿਆ ਬੱਚਿਆਂ ਦੀ ਨੀਂਹ ਮਜ਼ਬੂਤ ਕਰਦੀ ਹੈ। ਇਸੇ ਤਰ੍ਹਾਂ ਉੱਚ ਸਿੱਖਿਆ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਕਰਦੀ ਹੈ ਪਰ ਅੱਜ ਕੇਂਦਰ ਸਰਕਾਰ ਨੌਜਵਾਨਾਂ ਦੇ ਭਵਿੱਖ ਨਾਲ ਖੇਡ ਰਹੀ ਹੈ। ਕੇਂਦਰ ਸਰਕਾਰ ਨੇ ਦਿੱਲੀ ਦੀ ਚੁਣੀ ਹੋਈ ਸਰਕਾਰ ਤੋਂ ਗੈਰ-ਸੰਵਿਧਾਨਕ ਤੌਰ ’ਤੇ ਸੇਵਾਵਾਂ ਖੋਹ ਕੇ ਟਰਾਂਸਫਰ ਪੋਸਟਿੰਗ ਦਾ ਅਧਿਕਾਰ ਖੋਹ ਲਿਆ ਹੈ।
ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਅਤੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਐੱਮਸੀਡੀ ਵਿੱਚ ਬਿਲਡਿੰਗ ਵਿਭਾਗ ਦੇ ਜੂਨੀਅਰ ਇੰਜਨੀਅਰ ਸੱਤ ਸਾਲਾਂ ਤੋਂ ਹਨ ਪਰ ਉਚੇਰੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਦਾ ਕੁਝ ਦਿਨਾਂ ਵਿੱਚ ਹੀ ਤਬਾਦਲਾ ਹੋ ਜਾਂਦਾ ਹੈ। ਸਿਖਲਾਈ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਅੰਦਰ ਚਾਰ ਸਾਲਾਂ ਵਿੱਚ 9 ਪ੍ਰਮੁੱਖ ਸਕੱਤਰ ਅਤੇ 7 ਡਾਇਰੈਕਟਰ ਬਦਲੇ ਗਏ ਹਨ। ਭਵਿੱਖ ਵਿੱਚ ਲੋਕ ਹੱਸਣਗੇ ਕਿ ਕੇਂਦਰ ਸਰਕਾਰ ਨੇ ਉਪ ਰਾਜਪਾਲ ਨੂੰ ਦਿੱਲੀ ਵਿੱਚ ਤਬਾਦਲੇ ਕਰਨ ਦੀ ਸ਼ਕਤੀ ਦਿੱਤੀ ਸੀ। ਐੱਲਜੀ ਹਰ ਦੋ ਮਹੀਨੇ ਬਾਅਦ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਦਾ ਤਬਾਦਲਾ ਕਰਦੇ ਸਨ। ਉਨ੍ਹਾਂ ਇਹ ਗੱਲ ਵਿਧਾਨ ਸਭਾ ਵਿੱਚ ਥੋੜ੍ਹੇ ਸਮੇਂ ਲਈ ਹੋਈ ਚਰਚਾ ਵਿੱਚ ਕਹੀ।