ਨਵੀਂ ਦਿੱਲੀ, 1 ਨਵੰਬਰ
ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਪੂਰਬੀ ਦਿੱਲੀ ਦੇ ਸ਼ਾਹਦਰਾ ਵਿੱਚ ਦੋਹਰੇ ਕਤਲ ਕਾਂਡ ਮਗਰੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਾਨੂੰਨ ਵਿਵਸਥਾ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਸਵਾਲ ਉਠਾਏ ਅਤੇ ਦੋਸ਼ ਲਾਇਆ ਕਿ ਇਸ ਦੇ ਲਈ ਕੇਂਦਰ ਸਰਕਾਰ ਦੀ ਅਣਗਹਿਲੀ ਜ਼ਿੰਮੇਵਾਰ ਹੈ। ਸ਼ਾਹਦਰਾ ਦੇ ਫਰਸ਼ਬਾਜ਼ਾਰ ਵਿੱਚ 31 ਅਕਤੂਬਰ ਦੀ ਰਾਤ ਨੂੰ ਲਗਪਗ ਅੱਠ ਵਜੇ ਆਕਾਸ਼ ਸ਼ਰਮਾ (40) ਅਤੇ ਉਸ ਦੇ 16 ਸਾਲਾ ਭਤੀਜੇ ਰਿਸ਼ਭ ਸ਼ਰਮਾ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਵਿੱਚ ਕ੍ਰਿਸ਼ਨ ਸ਼ਰਮਾ (10) ਵੀ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ ਜਦੋਂ ਹਮਲਾ ਹੋਇਆ ਤਾਂ ਇਹ ਦੀਵਾਲੀ ਮਨਾ ਰਹੇ ਸਨ।‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਦੌਰਾਨ ਚਿੰਤਾ ਪ੍ਰਗਟ ਕਰਦਿਆਂ ਦਿੱਲੀ ਵਿੱਚ ਕਾਨੂੰਨ ਵਿਵਸਥਾ ਦੇ ਵਿਗੜਨ ਦਾ ਦੋਸ਼ ਲਾਇਆ। ਭਾਰਦਵਾਜ ਨੇ ਕਿਹਾ, “ਸ਼ਹਿਰ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਕਾਰਨ ਬੀਤੀ ਰਾਤ ਦੀਵਾਲੀ ਮਨਾ ਰਹੇ ਦੋ ਵਿਅਕਤੀਆਂ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਜੇਕਰ ਭਾਜਪਾ ਨੇ ਕਾਨੂੰਨ ਵਿਵਸਥਾ ਸੁਧਾਰਨ ਲਈ ਯਤਨ ਕੀਤੇ ਹੁੰਦੇ ਤਾਂ ਹਰ ਰੋਜ਼ ਕਤਲ, ਗੈਂਗ ਵਾਰ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨਾ ਵਾਪਰਦੀਆਂ।’’ ਭਾਜਪਾ ਵੱਲੋਂ ਫਿਲਹਾਲ ਇਨ੍ਹਾਂ ਦੋਸ਼ਾਂ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ।
ਮੰਤਰੀ ਨੇ ਭਾਜਪਾ ਸ਼ਾਸਤ ਸੂਬਿਆਂ ਵਿੱਚ ਜੇਲ੍ਹਾਂ ਵਿੱਚੋਂ ਚੱਲ ਰਹੇ ਗਰੋਹਾਂ ਦੀਆਂ ਕਥਿਤ ਗਤੀਵਿਧੀਆਂ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਕਾਰਨ ਨਾਗਰਿਕਾਂ ਵਿੱਚ ਡਰ ਦਾ ਮਾਹੌਲ ਹੈ।
ਉਨ੍ਹਾਂ ਕਿਹਾ, ‘‘ਦਿੱਲੀ ਵਿੱਚ ਇਨ੍ਹਾਂ ਦਿਨਾਂ ਵਿੱਚ ਜਿਵੇਂ ਅਸੀਂ ਦਿੱਲੀ ਵਿੱਚ ਗੈਂਗਸਟਰਾਂ ਵੱਲੋਂ ਕੀਤੇ ਜਾਣ ਵਾਲੇ ਅਪਰਾਧਾਂ ਬਾਰੇ ਸੁਣਦੇ ਹਾਂ, ਉਹ ਕਿਸੇ ਸਮੇਂ ਮੁੰਬਈ ਵਿੱਚ ਹੁੰਦੇ ਸਨ ਜਦੋਂ ਉੱਥੇ ਅੰਡਰਵਰਲਡ ਗੈਂਗ ਸਰਗਰਮ ਸਨ।’’ ਉਨ੍ਹਾਂ ਕਿਹਾ, ‘‘ਭਾਜਪਾ ਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ ਕਿ ਕੌਮੀ ਰਾਜਧਾਨੀ ਵਿੱਚ ਸਥਿਤੀ ਕਿਵੇਂ ਏਨੀ ਗੰਭੀਰ ਹੋ ਗਈ। ਕੇਂਦਰ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਨਹੀਂ ਹੋ ਸਕਦਾ ਸੀ।’’ ਉਨ੍ਹਾਂ ਕਿਹਾ ਕਿ ਲੁੱਟ-ਖੋਹ ਦੀਆਂ ਘਟਨਾਵਾਂ ਸਾਰੀਆਂ ਹੱਦਾਂ ਪਾਰ ਕਰ ਗਈਆਂ ਹਨ ਅਤੇ ਹੁਣ ਔਰਤਾਂ ਮੋਬਾਈਲ ਫ਼ੋਨ ਲੈ ਕੇ ਅਤੇ ਸੋਨਾ ਪਾ ਕੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੀਆਂ ਹਨ।
ਭਾਰਦਵਾਜ ਨੇ ਕਿਹਾ ਕਿ ਫਰਾਂਸ ਦੇ ਰਾਜਦੂਤ ਵੀ ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਜੇਬ ਕਤਰਨ ਦਾ ਸ਼ਿਕਾਰ ਹੋਏ। ਦਿੱਲੀ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਬਾਵਜੂਦ ਇਹ ਘਟਨਾ ਵਾਪਰੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਪੁਲੀਸ ਅਨੁਸਾਰ ਫਰਾਂਸ ਦੇ ਰਾਜਦੂਤ ਥਿਐਰੀ ਮੈਥਿਊ ਅਤੇ ਉਨ੍ਹਾਂ ਦੀ ਪਤਨੀ 20 ਅਕਤੂਬਰ ਨੂੰ ਦੁਪਹਿਰ ਸਮੇਂ ਚਾਂਦਨੀ ਚੌਕ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਗਏ ਸਨ ਤਾਂ ਉਨ੍ਹਾਂ ਦਾ ਮੋਬਾਈਲ ਫ਼ੋਨ ਚੋਰੀ ਹੋ ਗਿਆ। ਦਿੱਲੀ ਪੁਲੀਸ ਨੇ ਇਸ ਸਬੰਧੀ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ