ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਦਸੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਅੱਜ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਵੱਡੀ ਗਿਣਤੀ ਵਰਕਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਰਿਵਾਰ ਦਿਨੋ-ਦਿਨ ਵਧ ਰਿਹਾ ਹੈ ਅਤੇ ਲੋਕ ਲਗਾਤਾਰ ਜਥੇਬੰਦੀ ਨਾਲ ਜੁੜ ਰਹੇ ਹਨ ਤੇ ਪਾਰਟੀ ਮਜ਼ਬੂਤ ਹੋ ਰਹੀ ਹੈ। ਅੱਜ ਸੂਬਾ ਦਫਤਰ ਵਿੱਚ ਸ੍ਰੀ ਲਵਲੀ ਨੇ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰਾਂ ਅਤੇ ਪਿਛਲੇ 10 ਸਾਲਾਂ ਤੋਂ ‘ਆਪ’ ਦੇ ਸਰਗਰਮ ਮੈਂਬਰਾਂ ਨੂੰ ਕਾਂਗਰਸ ਦੇ ਪਟਕੇ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਸੂਬਾ ਪ੍ਰਧਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ਸੰਸਥਾਪਕ ਮੈਂਬਰ ਰਾਜ ਸ਼ੌਕੀਨ, ਮੁੱਖ ਵਿੰਗ ਦੇ ਜ਼ਿਲ੍ਹਾ ਸਕੱਤਰ ਵਿਨੀਤ ਉਪਾਧਿਆਏ, ਵਿਧਾਨ ਸਭਾ ਚੋਣ ਲੋਕ ਸਭਾ ਇੰਚਾਰਜ ਸੰਤੋਸ਼ ਸਕਸੈਨਾ, ਆਰਡਬਲਯੂਏ ਇੰਚਾਰਜ ਊਸ਼ਾ, ਮਹਿਲਾ ਵਿੰਗ ਅਰਾਧਨਾ, ਸੁਲਤਾਨਪੁਰ ਮਾਜਰਾ ਸ਼ਾਮਲ ਹੋਏ। ਵਿਧਾਨ ਸਭਾ ਦੇ ਪ੍ਰਧਾਨ ਜੈਪਾਲ, ਮੰਡਲ ਪ੍ਰਧਾਨ ਅਖ਼ਤਰ ਭਾਈ, ਜ਼ਿਲ੍ਹਾ ਮੀਤ ਪ੍ਰਧਾਨ ਸੰਜੈ ਸ਼ਰਮਾ, ਰੋਹਿਣੀ ਵਿਧਾਨ ਸਭਾ ਵਾਤਾਵਰਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਸੰਜੈ ਕੁਮਾਰ ਮਿੱਤਲ, ਵਿਸ਼ਾਲ ਭਾਈ ਅਖ਼ਤਰ ਖ਼ਾਨ, ਯੂਥ ਵਿੰਗ ਦੇ ਵਿਧਾਨ ਸਭਾ ਪ੍ਰਧਾਨ ਗੋਲਡੀ ਸ਼ੌਕੀਨ ਸਮੇਤ ਸੈਂਕੜੇ ‘ਆਪ’ ਵਰਕਰਾਂ ਨੇ ਹੱਥ ਮਿਲਾਇਆ| ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਜਤਿੰਦਰ ਸਿੰਘ ਕੋਛੜ ਵੀ ਹਾਜ਼ਰ ਸਨ।
ਸ੍ਰੀ ਲਵਲੀ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਕਾਬਲੀਅਤ ਦੀ ਸਹੀ ਵਰਤੋਂ ਕੀਤੀ ਜਾਵੇਗੀ।