ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੁਲਾਈ
ਆਮ ਆਦਮੀ ਪਾਰਟੀ ਨੇ ਐੱਮਸੀਡੀ ਵੱਲੋਂ ਵਪਾਰ ਅਤੇ ਸਟੋਰੇਜ ਦੀ ਲਾਇਸੈਂਸ ਫੀਸ ਵਿੱਚ ਕੀਤੇ ਵਾਧੇ ਦਾ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਹੈ। ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਦਿੱਲੀ ਦੇ ਵਪਾਰੀ ਵਰਗ ਨੂੰ ਬਰਬਾਦ ਕਰਨਾ ਚਾਹੁੰਦੀ ਹੈ, ਇਸ ਲਈ 10 ਵਰਗ ਮੀਟਰ ਦੀ ਦੁਕਾਨ ਲਈ 500 ਰੁਪਏ ਦੀ ਫੀਸ ਵਧਾ ਕੇ 4000 ਰੁਪਏ ਕਰ ਦਿੱਤੀ ਗਈ ਹੈ। 10-20 ਵਰਗ ਮੀਟਰ ਦੀ ਦੁਕਾਨ ਲਈ 500 ਰੁਪਏ ਦੀ ਲਾਇਸੈਂਸ ਫੀਸ ਵਧਾ ਕੇ 10,000 ਰੁਪਏ ਕਰ ਦਿੱਤੀ ਗਈ ਹੈ। 21-400 ਵਰਗ ਮੀਟਰ ਲਈ 500 ਰੁਪਏ ਦੀ ਲਾਇਸੈਂਸ ਫੀਸ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ ਅਤੇ 400 ਵਰਗ ਮੀਟਰ ਤੋਂ ਵੱਧ ਲਈ 72 ਹਜ਼ਾਰ ਰੁਪਏ ਲਾਇਸੈਂਸ ਫੀਸ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ 2017 ਦੇ ਮਤਾ ਪੱਤਰ ਵਿੱਚ ਉਸ ਸਮੇਂ ਦੇ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਨਵਾਂ ਟੈਕਸ ਨਾ ਲਾਉਣ ਦੀ ਗੱਲ ਕੀਤੀ ਸੀ ਪਰ ਸਰਕਾਰ ਬਣਨ ਤੋਂ ਬਾਅਦ ਟੈਕਸਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
ਐੱਮਸੀਡੀ ਇੰਚਾਰਜ ਪਾਠਕ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 ਵਿੱਚ ਜਦੋਂ ਐੱਮਸੀਡੀ ਦੀਆਂ ਚੋਣਾਂ ਹੋ ਰਹੀਆਂ ਸਨ ਤਾਂ ਮਨੋਜ ਤਿਵਾੜੀ ਨੇ ਕਿਹਾ ਸੀ ਕਿ ਜੇਕਰ ਐੱਮਸੀਡੀ ’ਚ ਦੁਬਾਰਾ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਇਹ ਗੱਲ ਮਤਾ ਪੱਤਰ ਵਿੱਚ ਵੀ ਲਿਖੀ ਗਈ ਸੀ। ਭਾਜਪਾ ਜਾਣਦੀ ਹੈ ਕਿ ਦਿੱਲੀ ਵਿਚ ਉਸ ਦੀ ਰਾਜਨੀਤੀ ਖਤਮ ਹੋ ਚੁੱਕੀ ਹੈ, ਇਸ ਲਈ ਉਨ੍ਹਾਂ ਨੇ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨ ਕਰਨ ਦੀ ਕਸਮ ਚੁੱਕੀ ਹੈ। ਕੁਝ ਦਿਨ ਪਹਿਲਾਂ ਪਤਾ ਲੱਗਾ ਕਿ ਐੱਮਸੀਡੀ ਹਾਊਸ ਟੈਕਸ ਵਧਾ ਰਹੀ ਹੈ। ਹੁਣ ਭਾਜਪਾ ਨੇ ਦਿੱਲੀ ਵਿਚ ਛੋਟੇ ਅਤੇ ਦਰਮਿਆਨੇ ਉਦਯੋਗਾਂ, ਛੋਟੇ ਵਪਾਰੀਆਂ, ਛੋਟੇ ਦੁਕਾਨਦਾਰਾਂ ਅਤੇ ਛੋਟੇ ਗੋਦਾਮਾਂ ’ਤੇ ਭਾਰੀ ਮਾਤਰਾ ਵਿਚ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਪਾਠਕ ਨੇ ਕਿਹਾ ਕਿ ਵਪਾਰ ਅਤੇ ਸਟੋਰੇਜ ਲਈ ਲਾਇਸੈਂਸ ਫੀਸ ਕਈ ਗੁਣਾ ਵਧਣ ਜਾ ਰਹੀ ਹੈ। ਪਹਿਲਾਂ ਸ਼ੋਅਰੂਮ, ਛੋਟੀਆਂ ਦੁਕਾਨਾਂ ਆਦਿ ’ਤੇ 500 ਰੁਪਏ ਟਰੇਡ ਲਾਇਸੈਂਸ ਫੀਸ ਲਈ ਜਾਂਦੀ ਸੀ। ਐੱਮਸੀਡੀ ਇੰਚਾਰਜ ਨੇ ਕਿਹਾ ਕਿ ਹਰ ਵਪਾਰੀ ਨੂੰ ਕਰੋਨਾ ਵਿੱਚ ਘੱਟੋ-ਘੱਟ 70 ਫ਼ੀਸਦ ਦਾ ਨੁਕਸਾਨ ਹੋਇਆ ਹੈ।