ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਨਵੰਬਰ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਮੀਟਿੰਗ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ‘ਆਪ’ ਵੱਲੋਂ 11 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਛੇ ਉਮੀਦਵਾਰ ਭਾਜਪਾ ਅਤੇ ਕਾਂਗਰਸ ਛੱਡ ਕੇ ਆਏ ਹਨ।
‘ਆਪ’ ਦੇ ਜਥੇਬੰਦਕ ਸਕੱਤਰ ਸੰਦੀਪ ਪਾਠਕ ਵੱਲੋਂ ਜਾਰੀ ਸੂਚੀ ਮੁਤਾਬਕ ਬ੍ਰਹਮ ਸਿੰਘ ਤੰਵਰ ਵਿਧਾਨ ਸਭਾ ਹਲਕੇ ਛਤਰਪੁਰ ਤੋਂ, ਅਨਿਲ ਝਾਅ ਕਿਰਾੜੀ ਤੋਂ ਅਤੇ ਬੀ ਬੀ ਤਿਆਗੀ ਲਕਸ਼ਮੀ ਨਗਰ ਤੋਂ ਚੋਣ ਲੜਨਗੇ। ਇਹ ਹਾਲ ਹੀ ਵਿੱਚ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਸੀਲਮਪੁਰ ਤੋਂ ਉਮੀਦਵਾਰ ਜ਼ੁਬੈਰ ਚੌਧਰੀ, ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ ਅਤੇ ਮਟਿਆਲਾ ਤੋਂ ਸੋਮੇਸ਼ ਸ਼ੌਕੀਨ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਆਮ ਆਦਮੀ ਪਾਰਟੀ ਨੇ ਇਨ੍ਹਾਂ ਤੋਂ ਇਲਾਵਾ ਦੀਪਕ ਸਿੰਗਲਾ ਨੂੰ ਵਿਸ਼ਵਾਸ ਨਗਰ, ਸਰਿਤਾ ਸਿੰਘ ਨੂੰ ਰੋਹਤਾਸ ਨਗਰ, ਰਾਮ ਸਿੰਘ ਨੇਤਾਜੀ ਨੂੰ ਹਲਕਾ ਬਦਰਪੁਰ, ਗੌਰਵ ਸ਼ਰਮਾ ਨੂੰ ਹਲਕਾ ਘੋਂਡਾ, ਮਨੋਜ ਤਿਆਗੀ ਨੂੰ ਕਰਾਵਲ ਨਗਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸੂਚੀ ਜਾਰੀ ਕਰਨ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਟਿਕਟਾਂ ਦੀ ਵੰਡ ਕੰਮ, ਲੋਕਾਂ ਦੀ ਰਾਇ ਅਤੇ ਸੰਭਾਵੀ ਉਮੀਦਵਾਰਾਂ ਦੀ ਜਿੱਤ ਦੇ ਆਧਾਰ ’ਤੇ ਕੀਤੀ ਜਾਵੇਗੀ। ਹਾਲਾਂਕਿ ਸੂਚੀ ਜਾਰੀ ਹੋਣ ਮਗਰੋਂ ਦਲ ਬਦਲੂਆਂ ਨੂੰ ਟਿਕਟਾਂ ਮਿਲਣ ਕਾਰਨ ਪਾਰਟੀ ਅੰਦਰ ਤਿੱਖੀਆਂ ਸੁਰਾਂ ਉਭਰਨ ਦੀ ਸੰਭਾਵਨਾ ਹੈ।