ਨਵੀਂ ਦਿੱਲੀ, 20 ਸਤੰਬਰ
ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਮੰਗ ਕੀਤੀ ਕਿ ਦਿੱਲੀ ਦੇ ਅਹੁਦਾ ਛੱਡ ਰਹੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਮੁਹੱਈਆ ਕਰਵਾਈ ਜਾਵੇ ਕਿਉਂਕਿ ਉਹ ਇਕ ਕੌਮੀ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਇਸ ਦੇ ਹੱਕਦਾਰ ਹਨ।
ਇਕ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪਾਰਟੀ ਇਸ ਬਾਰੇ ਸਬੰਧਤ ਮੰਤਰਾਲੇ ਨੂੰ ਬਾਕਾਇਦਾ ਚਿੱਠੀ ਲਿਖ ਕੇ ਮੰਗ ਕਰੇਗੀ। ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਸਾਨੂੰ ਇਸ ਮਕਸਦ ਲਈ ਕੋਈ ਲੜਾਈ ਨਹੀਂ ਲੜਨੀ ਪਵੇਗੀ। ਕੇਜਰੀਵਾਲ ਨੇ ਆਪਣੀ ਨੈਤਿਕਤਾ ਦੇ ਆਧਾਰਉਤੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਉਹ ਆਪਣੀ ਸਰਕਾਰੀ ਰਿਹਾਇਸ਼ ਛੱਡ ਰਹੇ ਹਨ।’’
ਚੱਢਾ ਨੇ ਕਿਹਾ, ‘‘ਉਨ੍ਹਾਂ ਦੀ ਕੋਈ ਜਾਇਦਾਦ ਜਾਂ ਘਰ ਤੱਕ ਨਹੀਂ ਹੈ। ਕੌਮੀ ਪਾਰਟੀ ਦੇ ਕਨਵੀਨਰਹੋਣ ਦੇ ਨਾਤੇ ਉਹ ਸਰਕਾਰੀ ਰਿਹਾਇਸ਼ ਹਾਸਲ ਕਰਨ ਦੇ ਹੱਕਦਾਰ ਹਨ। ਕੇਂਦਰ ਨੇ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ਦੇਣੀ ਚਾਹੀਦੀ ਹੈ।’’ -ਪੀਟੀਆਈ