ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਨਵੰਬਰ
ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਬੂਥ ਪੱਧਰ ’ਤੇ ਪਾਰਟੀ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਪਾਰਟੀ 11 ਨਵੰਬਰ ਤੋਂ ਦਿੱਲੀ ਵਿੱਚ ਜ਼ਿਲ੍ਹਾ ਪੱਧਰੀ ਕਾਨਫਰੰਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਹੁਦੇਦਾਰਾਂ ਨੂੰ ਸੰਬੋਧਨ ਕਰਨਗੇ। ਪਾਰਟੀ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਦੱਸਿਆ ਕਿ ਇਹ ਪ੍ਰੋਗਰਾਮ 11 ਤੋਂ 20 ਨਵੰਬਰ ਤੱਕ ਦਿੱਲੀ ਦੇ 14 ਜ਼ਿਲ੍ਹਿਆਂ ਵਿੱਚ ਕਰਵਾਇਆ ਜਾਵੇਗਾ। ਆਮ ਆਦਮੀ ਪਾਰਟੀ ਦਿੱਲੀ ਭਰ ਵਿੱਚ ਚੋਣ ਜ਼ਿੰਮੇਵਾਰੀਆਂ ਸੰਭਾਲਣ ਲਈ ਇੱਕ ਲੱਖ ਅਹੁਦੇਦਾਰਾਂ ਦੀ ਨਿਯੁਕਤੀ ਕਰੇਗੀ। ਹਰ ਜ਼ਿਲ੍ਹੇ ਵਿੱਚ ਪੰਜ ਵਿਧਾਨ ਸਭਾ ਹਲਕੇ ਸ਼ਾਮਲ ਹੋਣਗੇ। 11 ਨਵੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਸੰਮੇਲਨ 20 ਨਵੰਬਰ ਤੱਕ ਚੱਲੇਗਾ, ਜਿਸ ਤਹਿਤ 11 ਨਵੰਬਰ ਨੂੰ ਕਿਰਾੜੀ ਤੇ ਤਿਲਕ ਨਗਰ, 12 ਨਵੰਬਰ ਨੂੰ ਰਾਜਿੰਦਰ ਨਗਰ ਤੇ ਸੰਗਮ ਵਿਹਾਰ ਜ਼ਿਲ੍ਹਾ, 15 ਨਵੰਬਰ ਨੂੰ ਮਾਡਲ ਟਾਊਨ ਤੇ ਨਜਫ਼ਗੜ੍ਹ ਜ਼ਿਲ੍ਹਾ, 18 ਨਵੰਬਰ ਨੂੰ ਤ੍ਰਿਲੋਕਪੁਰੀ ਤੇ ਬਾਬਰਪੁਰ, 19 ਨਵੰਬਰ ਨੂੰ ਕੜਕੜਡੂਮਾ ਅਤੇ ਘੋਂਡਾ, 20 ਨਵੰਬਰ ਨੂੰ ਮਹਿਰੌਲੀ ਅਤੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਪ੍ਰੋਗਰਾਮ ਹੋਣਗਏ। ਉਨ੍ਹਾਂ ਕਿਹਾ ਕਿ ਦਿੱਲੀ ਦੇ 14 ਜ਼ਿਲ੍ਹਿਆਂ ਵਿੱਚ 11 ਤੋਂ 20 ਨਵੰਬਰ ਤੱਕ ਜ਼ਿਲ੍ਹਾ ਵਰਕਰਾਂ ਦੀ ਕਾਨਫਰੰਸ ਹੋਵੇਗੀ ਅਤੇ ਪਾਰਟੀ ਪੂਰੀ ਦਿੱਲੀ ਵਿੱਚ ਚੋਣ ਜ਼ਿੰਮੇਵਾਰੀਆਂ ਸੰਭਾਲਣ ਲਈ ਅਹੁਦੇਦਾਰ ਲਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਸਰਗਰਮੀਆਂ ਤੇਜ਼ ਕਰ ਰਹੀ ਹੈ ਅਤੇ ਦਿੱਲੀ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ‘ਆਪ ਕਾ ਵਿਧਾਇਕ, ਆਪ ਕੇ ਦੁਆਰ’ ਪ੍ਰੋਗਰਾਮ ਤਹਿਤ ਸਾਰੀਆਂ ਵਿਧਾਨ ਸਭਾਵਾਂ ’ਚ ‘ਆਪ’ ਸਰਕਾਰ ਦੇ ਕੰਮਾਂ ਦਾ ਲੇਖਾ-ਜੋਖਾ ਦਿੱਲੀ ਵਾਸੀਆਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਪਾਰਟੀ ਦੇ ਆਗੂਆਂ ਨੇ ਦਿੱਲੀ ਭਰ ਵਿੱਚ ਪੈਦਲ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਮਿਲੇ। ਇਸ ਦੌਰਾਨ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਦਯਾਤਰਾ ਦਾ ਦੂਜਾ ਪੜਾਅ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਪਹਿਲਾਂ ਵੀ ਆਪਣੇ ਵਰਕਰਾਂ ਅਤੇ ਵਲੰਟੀਅਰਾਂ ਦੇ ਦਮ ’ਤੇ ਸਰਕਾਰ ਬਣਾਈ ਹੈ ਅਤੇ ਮਾੜੇ ਹਾਲਾਤ ’ਚ ਕੰਮ ਕਰਕੇ ਦਿਖਾਇਆ ਹੈ। ਹੁਣ ਵੀ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੋਟ ਪਾਉਣਗੇ।