ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਐੱਨਟੀਐੱਫ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੁਲਜ਼ਮ ਜੁਨੈਦ ਖਾਨ ਉਰਫ ਜ਼ੁਬੇਰ (31) ਵਾਸੀ ਬੈਰਾਮ ਨਗਰ, ਬਿਲਾਸਪੁਰ, ਉੱਤਰ ਪ੍ਰਦੇਸ਼ ਨੂੰ 1.541 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਸਬ-ਇੰਸਪੈਕਟਰ ਸੁਖਰਾਜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨਸ਼ਾ ਤਸਕਰ ਜੁਨੈਦ ਖਾਨ ਉਰਫ ਜ਼ੁਬੇਰ ਆਪਣੀ ਮਹਿੰਦਰਾ ਥਾਰ ਵਿੱਚ ਹੈਰੋਇਨ ਦੀ ਵੱਡੀ ਖੇਪ ਲੈ ਕੇ ਗਾਜ਼ੀਪੁਰ ਸ਼ਮਸ਼ਾਨਘਾਟ, ਦਿੱਲੀ ਨੇੜੇ ਆਉਣ ਵਾਲਾ ਹੈ। ਇਸ ’ਤੇ ਕਾਰਵਾਈ ਕਰਦਿਆਂ ਟੀਮ ਨੇ ਜਾਲ ਵਿਛਾ ਕੇ ਉਸ ਦੇ ਕਬਜ਼ੇ ’ਚੋਂ 1.541 ਕਿਲੋ ਹੈਰੋਇਨ ਬਰਾਮਦ ਕੀਤੀ ਤੇ ਵਾਰਦਾਤ ’ਚ ਵਰਤੀ ਗਈ ਮਹਿੰਦਰਾ ਥਾਰ ਕਾਰ ਜ਼ਬਤ ਕੀਤੀ ਗਈ। ਜ਼ੁਬੇਰ ਨੇ ਖੁਲਾਸਾ ਕੀਤਾ ਕਿ ਉਹ ਸਾਲ 2016 ਵਿੱਚ ਇਸ਼ਰਤ ਵਾਸੀ ਅਲੀਗੰਜ, ਉੱਤਰ ਪ੍ਰਦੇਸ਼ ਦੇ ਸੰਪਰਕ ਵਿੱਚ ਆਇਆ ਸੀ। ਉਹ ਮਨੀਪੁਰ ਤੋਂ ਹੈਰੋਇਨ ਲਿਆ ਕੇ ਉੱਤਰ ਪ੍ਰਦੇਸ਼ ਦੇ ਬਰੇਲੀ ਇਲਾਕੇ ਵਿੱਚ ਸਪਲਾਈ ਕਰਦੇ ਸਨ।