ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਦਿੱਲੀ ਪੁਲੀਸ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵਿੱਚ ਤਾਇਨਾਤ ਅਧਿਕਾਰੀ ਬਣਕੇ ਕਥਿਤ ਤੌਰ ’ਤੇ ਫਰਨੀਚਰ ਦੇ ਸਾਮਾਨ ਦਾ ਆਰਡਰ ਦੇਣ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਟਵੀਟ ਵਿੱਚ ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ, ‘‘ਪੁਲੀਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਅਹੁਦੇਦਾਰ ਦੀ ਜਾਅਲਸਾਜ਼ੀ, ਨਕਲ ਤੇ ਪਛਾਣ ਦੀ ਧੋਖਾਧੜੀ ਦੀ ਸ਼ਿਕਾਇਤ ਮਿਲੀ ਹੈ’’। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਰਨੀਚਰ ਦੀਆਂ ਵਸਤੂਆਂ ਦੇ ਡਿਜ਼ਾਈਨਰ ਤੇ ਨਿਰਮਾਤਾ ਨੇ ਸੋਸ਼ਲ ਮੀਡੀਆ ’ਤੇ ਦੋਸ਼ ਲਗਾਇਆ ਕਿ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਖਾਸ ਤੌਰ ’ਤੇ ਮੇਜ਼ ਦੀ ਮੰਗ ਕਰਨ ਬਾਰੇ ਈ-ਮੇਲ ਮਿਲੀ। ਸ੍ਰੀ ਅਸਥਾਨਾ ਨੇ ਨਕਲ ਕਰਨ ਵਾਲੇ ਅਧਿਕਾਰੀ ਤੇ ਵਪਾਰੀ ਵਿਚਕਾਰ ਹੋਏ ਈ-ਮੇਲਾਂ ਦਾ ਇੱਕ ਸਕਰੀਨਸ਼ਾਟ ਵੀ ਪੋਸਟ ਕੀਤਾ ਹੈ। ਇਹ ਮਾਮਲਾ ਇਕ ਇੰਸਟਾਗ੍ਰਾਮ ਯੂਜ਼ਰ ਕੁਨਾਲ ਨਾਲ ਸਬੰਧਤ ਹੈ ਜਿਸ ਨੇ ਕਿਹਾ ਕਿ ਉਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕਥਿਤ ਤਾਇਨਾਤ ਵਿਵੇਕ ਕੁਮਾਰ ਤੋਂ ਇਕ ਈ-ਮੇਲ ਮਿਲੀ ਸੀ, ਜਿਸ ਵਿੱਚ ਉਸ ਨੂੰ ਪ੍ਰਧਾਨ ਮੰਤਰੀ ਦੀ ਵਰਤੋਂ ਲਈ ਵਿਸ਼ੇਸ਼ ਤੌਰ ’ਤੇ ਟੇਬਲ ਡਿਜ਼ਾਈਨ ਕਰਨ ਲਈ ਕਿਹਾ ਗਿਆ ਸੀ। ਵਪਾਰੀ ਨੇ ਆਪਣੇ ਸਿਆਸੀ ਅਤੇ ਵਿਚਾਰਧਾਰਕ ਮਤਭੇਦਾਂ ਦੇ ਕਾਰਨ ਪੇਸ਼ਕਸ਼ ਨੂੰ ਅਸਵੀਕਾਰ ਕਰਦੇ ਹੋਏ ਆਪਣੇ ਈ-ਮੇਲ ਦਾ ਇੱਕ ਸਕਰੀਨਸ਼ਾਟ ਪੋਸਟ ਕੀਤਾ। ਇਹ ਸਾਰੇ ਸੰਦੇਸ਼ ਮਿਲਣ ਤੋਂ ਬਾਅਦ ਤੁਰੰਤ ਪੁਲੀਸ ਨੇ ਐੱਫਆਈਆਰ ਦਰਜ ਕਰਵਾਈ। ਦਿੱਲੀ ਪੁਲੀਸ ਦੇ ਸਾਈਬਰ ਸੈੱਲ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਵਪਾਰੀ ਨਾਲ ਵੀ ਸੰਪਰਕ ਕੀਤਾ ਗਿਆ ਸੀ। ਸਾਰੇ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਸੀ ਕਿ ਈ-ਮੇਲ ਕਿੱਥੋਂ ਤਿਆਰ ਕੀਤੀ ਗਈ ਸੀ।