ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਕੇਂਦਰ ਵੱਲੋਂ ਦਿੱਲੀ ਨਗਰ ਨਿਗਮ (ਐੱਮਸੀਡੀ) ਵਿੱਚ ਸੀਟਾਂ ਦੀ ਗਿਣਤੀ 250 ਹੋਣ ਦੀ ਸੂਚਨਾ ਦੇਣ ਤੇ ਅਗਲੇ 10 ਦਿਨਾਂ ਵਿੱਚ ਹੱਦਬੰਦੀ ਦੇ ਪਹਿਲੇ ਪੜਾਅ ਦੇ ਮੁਕੰਮਲ ਹੋਣ ਦੀ ਸੰਭਾਵਨਾ ਦੇ ਨਾਲ ‘ਆਪ’ ਤੇ ਭਾਜਪਾ ਨੇ ਆਪਣੇ ਕਾਡਰ ਤੇ ਵਾਲੰਟੀਅਰਾਂ ਨੂੰ ਚੋਣਾਂ ਲਈ ਤਿਆਰੀ ਕਰਨ ਲਈ ਕਿਹਾ ਹੈ।
‘ਆਪ’ ਐੱਮਸੀਡੀ ਦੇ ਇੰਚਾਰਜ ਤੇ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਪਾਰਟੀ ਹਮੇਸ਼ਾ ਤਿਆਰ ਹੈ ਕਿ ਇਹ ਉਨ੍ਹਾਂ (ਭਾਜਪਾ) ’ਤੇ ਫੈਸਲਾ ਕਰਨਾ ਹੈ ਕਿ ਉਹ ਕਦੋਂ ਚੋਣਾਂ ਕਰਵਾਉਣਾ ਚਾਹੁੰਦੇ ਹਨ। ‘ਆਪ’ ਨੇਤਾ ਵਿਕਾਸ ਗੋਇਲ ਨੇ ਕਿਹਾ ਕਿ ਪ੍ਰਸ਼ਾਸਨ ਦੇ ਲਿਹਾਜ਼ ਨਾਲ 22 ਵਾਰਡਾਂ ਨੂੰ ਘਟਾਉਣ ਦਾ ਕੋਈ ਮਤਲਬ ਨਹੀਂ ਹੈ। ਇਹ ਸਭ ਚੋਣਾਂ ਵਿੱਚ ਦੇਰੀ ਕਰਨ ਲਈ ਸੀ। ‘ਆਪ’ ਦੇ ਸੀਨੀਅਰ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਨਿਗਮ ਵਿੱਚ ਆਪਣੇ ਨੇਤਾਵਾਂ ਨੂੰ ਗੁਜਰਾਤ ਚੋਣਾਂ ਦੇ ਨਾਲ ਦਸੰਬਰ ਵਿੱਚ ਚੋਣਾਂ ਹੋਣ ’ਤੇ ਤਿਆਰ ਰਹਿਣ ਲਈ ਕਿਹਾ ਹੈ। ਇੱਕ ਸਾਬਕਾ ‘ਆਪ’ ਕੌਂਸਲਰ ਨੇ ਕਿਹਾ ਕਿ ਅਸੀਂ ਇੱਕ ਛੋਟੀ ਪਾਰਟੀ ਹਾਂ ਤੇ ਸੀਮਤ ਤਾਕਤ ਹੈ ਇਸ ਲਈ ਭਾਜਪਾ ਗੁਜਰਾਤ ਦੇ ਨਾਲ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਜੋ ਸਾਡੀ ਤਾਕਤ ਖਿੰਡਾਈ ਜਾ ਸਕੇ, ਇਸ ਲਈ ਸੀਨੀਅਰ ਕਾਰਪੋਰੇਟਰਾਂ ਨੂੰ ਤਿਆਰੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਨਵੰਬਰ-ਦਸੰਬਰ ਵਿੱਚ ਹੋਣੀਆਂ ਹਨ।
ਭਾਜਪਾ ਖੇਮੇ ਦੇ ਸੀਨੀਅਰ ਨੇਤਾਵਾਂ ਨੇ ਕਿਹਾ ਕਿ ਹਾਲਾਂਕਿ ਚੋਣਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਉਨ੍ਹਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਭਾਜਪਾ ਦੇ ਇੱਕ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਬੂਥ ਪੱਧਰ ਤੱਕ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਟਿਕਟ ਦੇ ਚਾਹਵਾਨ ਇੱਕ ਵਾਰ ਫਿਰ ਸਰਗਰਮ ਹਨ, ਉਨ੍ਹਾਂ ਨੇ ਨੇਤਾਵਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ, ਬੈਨਰ ਤੇ ਪੋਸਟਰ ਚਿਪਕਾਏ ਜਾ ਰਹੇ ਹਨ। ਭਾਜਪਾ ਪ੍ਰਧਾਨ ਜੇਪੀ ਨੱਢਾ ਵੀ ਅਕਤੂਬਰ ਦੇ ਅੱਧ ਵਿੱਚ ਬੂਥ ਵਰਕਰਾਂ ਨਾਲ ਗੱਲਬਾਤ ਕਰਨ ਵਾਲੇ ਹਨ ਜੋ ਕਿ ਪਾਰਟੀ ਨੇਤਾਵਾਂ ਨੂੰ ਲੱਗਦਾ ਹੈ ਕਿ ਚੋਣਾਂ ਤੋਂ ਪਹਿਲਾਂ ਕਾਡਰ ਵਿੱਚ ਊਰਜਾ ਭਰਨ ਦੀ ਕੋਸ਼ਿਸ਼ ਹੈ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਕਿਹਾ ਸੀ ਕਿ ਐੱਮਸੀਡੀ ਦਾ ਰਲੇਵਾਂ ਅਤੇ ਹੱਦਬੰਦੀ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ‘ਆਪ’ ਨੇ ਕਾਰਪੋਰੇਸ਼ਨਾਂ ਨੂੰ ਵਿੱਤੀ ਤੌਰ ‘ਤੇ ਅਪਾਹਜ ਕਰ ਦਿੱਤਾ ਹੈ। ਇੱਕ ਵਾਰ ਹੱਦਬੰਦੀ ਖਤਮ ਹੋਣ ਤੋਂ ਬਾਅਦ ਕੁਦਰਤੀ ਤੌਰ ’ਤੇ ਚੋਣਾਂ ਹੋਣਗੀਆਂ।
22 ਵਿਧਾਨ ਸਭਾ ਹਲਕਿਆਂ ਦੀ ਮੁੜ ਹੱਦਬੰਦੀ ਹੋਵੇਗੀ
ਦਿੱਲੀ ਵਿੱਚ ਮਿਉਂਸਪਲ (ਐੱਮਸੀਡੀ) ਵਾਰਡਾਂ ਦੀ ਗਿਣਤੀ ਘਟਾਉਣ ਲਈ ਤਿੰਨ ਮੈਂਬਰੀ ਕਮਿਸ਼ਨ ਵੱਲੋਂ ਹੱਦਬੰਦੀ ਦਾ 75 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ। ਸੂਤਰਾਂ ਨੇ ਕਿਹਾ ਕਿ ਅਗਲੇ 10 ਦਿਨਾਂ ਵਿੱਚ ਪਹਿਲਾ ਖਰੜਾ ਤਿਆਰ ਹੋਣ ਦੀ ਸੰਭਾਵਨਾ ਹੈ। ਕਮਿਸ਼ਨ ਨੇ ਪੰਜ ਤੋਂ ਵੱਧ ਵਾਰਡਾਂ ਵਾਲੇ 70 ਵਿਧਾਨ ਸਭਾ ਹਲਕਿਆਂ ਵਿੱਚੋਂ 22 ਦਾ ਭੂਗੋਲ ਬਦਲ ਦਿੱਤਾ ਹੈ ਜਦਕਿ ਬਾਕੀ 48 ਨੂੰ ਛੂਹਿਆ ਨਹੀਂ ਗਿਆ। ਜਿਹੜੇ ਵਿਧਾਨ ਸਭਾ ਹਲਕਿਆਂ ਵਿੱਚ ਭੂਗੋਲਿਕ ਬਦਲਾਅ ਦੇਖਣ ਨੂੰ ਮਿਲਣਗੇ ਉਹ ਹਨ ਬੁਰਾੜੀ, ਰਿਠਾਲਾ, ਬਵਾਨਾ, ਮੁੰਡਕਾ, ਕਿਰਾੜੀ, ਨਜਫਗੜ੍ਹ, ਬਿਜਵਾਸਨ, ਨਰੇਲਾ, ਦਿਓਲੀ, ਬਾਬਰਪੁਰ, ਓਖਲਾ, ਉੱਤਮ ਨਗਰ ਅਤੇ ਵਿਕਾਸਪੁਰੀ ਕਿਉਂਕਿ ਇਹ ਪੰਜ ਜਾਂ ਵੱਧ ਵਾਰਡਾਂ ਵਾਲੇ ਹਲਕੇ ਹਨ। ਸੂਤਰਾਂ ਨੇ ਦੱਸਿਆ ਕਿ ਵਧੇਰੇ ਵਾਰਡਾਂ ਵਾਲੇ ਵਿਧਾਨ ਸਭਾ ਹਲਕਿਆਂ ਨੂੰ ਮੂਲ ਰੂਪ ਵਿੱਚ ਚੁਣਿਆ ਗਿਆ ਸੀ ਤਾਂ ਜੋ ਆਕਾਰ ਦੇ ਮਾਮਲੇ ਵਿੱਚ ਬਰਾਬਰਤਾ ਕੀਤੀ ਜਾ ਸਕੇ। ਮਿਸਾਲ ਵਜੋਂ ਮਟਿਆਲਾ ਵਿਧਾਨ ਸਭਾ ਦੇ ਸੱਤ ਵਾਰਡ ਸਨ ਇਸ ਲਈ ਇੱਥੇ ਵਾਰਡਾਂ ਦੀ ਗਿਣਤੀ ਘਟਾਈ ਗਈ ਹੈ। ਤਿੰਨ ਹੋਰ ਵਿਧਾਨ ਸਭਾ ਹਲਕਿਆਂ ਵਿੱਚ ਛੇ ਵਾਰਡ ਸਨ ਤੇ 12 ਵਿਧਾਨ ਸਭਾ ਹਲਕਿਆਂ ਵਿੱਚ ਪੰਜ ਵਾਰਡ ਸਨ ਜਿਨ੍ਹਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ।