ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਦਿੱਲੀ ਦੀਆਂ ਅਹਿਮ ਸਿੰਘ ਸਭਾਵਾਂ ਵਿੱਚੋਂ ਪ੍ਰਮੁੱਖ ਮੰਨੀ ਜਾਂਦੀ ਸਿੰਘ ਸਭਾ ਰਾਜੌਰੀ ਗਾਰਡਨ ਦੀ ਚੋਣ ਦਾ ਐਲਾਨ ਹੋਣ ਮਗਰੋਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੌਜੂਦਾ ਪ੍ਰਧਾਨ ਹਰਮਨਜੀਤ ਸਿੰਘ ਤੇ ਦਿੱਲੀ ਕਮੇਟੀ ਲਈ ਇਸ ਵਾਰਡ ਤੋਂ ਸਰਨਾ ਧੜੇ ਦੇ ਜੇਤੂ ਇੰਦਰਜੀਤ ਸਿੰਘ ਦਰਮਿਆਨ ਮੁਕਾਬਲਾ ਹੈ। ਚੋਣਾਂ 4 ਸਤੰਬਰ 2022 ਨੂੰ ਹੋਣੀਆਂ ਹਨ। ਇਲਾਕੇ ਵਿੱਚ 7 ਹਜ਼ਾਰ ਤੋਂ ਵੱਧ ਸਿੱਖ ਵੋਟਾਂ ਹਨ ਤੇ ਮੁਕਾਬਲਾ ਦਿਲਚਸਪ ਬਣ ਗਿਆ ਹੈ ਕਿਉਂਕਿ ਦਿੱਲੀ ਦੇ ਕਈ ਦਿੱਗਜ਼ ਆਗੂਆਂ ਵੱਲੋਂ ਵੀ ਅੰਦਰਖ਼ਾਤੇ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।
ਹਰਮਨਜੀਤ ਸਿੰਘ ਵੱਲੋਂ ਬੀਤੇ ਸਾਲਾਂ ਵਿੱਚ ਕੀਤੇ ਗਏ ਕੰਮਾਂ ਦੇ ਨਾਂ ਉਪਰ ਵੋਟਾਂ ਮੰਗੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਗੁਰੂ ਨਾਨਕ ਡਿਸਪੈਂਸਰੀ, ਮੀਮੋਗ੍ਰਾਫ਼ੀ ਦੀ ਸਹੂੂਲਤ ਤੋਂ ਇਲਾਵਾ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਕੀਤੇ ਸੁਧਾਰਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਮੌਜੂਦਾ ਪ੍ਰਧਾਨ ਨੇ ਦੱਸਿਆ ਕਿ ‘ਸਿੱਖਿਆ ਦੇ ਲੰਗਰ’ ਦੀ ਯੋਜਨਾ ਨੂੰ ਖਾਸਾ ਬੂਰ ਪਿਆ ਹੈ ਤੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹਾਲਾਂਕਿ ਕਰੋਨਾ ਕਾਲ ਦੌਰਾਨ ਆਕਸੀਜਨ ਸਿਲੰਡਰਾਂ ਨਾਲ ਲੋਕਾਂ ਦੀ ਮਦਦ ਵੀ ਕੀਤੀ ਗਈ ਸੀ।
ਇਸ ਚੋਣ ਦੀ ਅਹਿਮੀਅਤ ਨੂੰ ਸਮਝਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਬੀਤੇ ਦਿਨੀਂ ਇੱਥੋਂ ਦੇ ਸਿੱਖਾਂ ਨਾਲ ਬੈਠਕ ਕਰਕੇ ਸਿੱਖ ਵੋਟਰਾਂ ਦੀ ਭਾਖਿਆ ਲਈ ਸੀ। ਮਨਜਿੰਦਰ ਸਿੰਘ ਸਿਰਸਾ ਦਾ ਵੀ ਇੱਥੇ ਆਧਾਰ ਹੈ ਕਿਉਂਕਿ ਉਹ ਰਾਜੌਰੀ ਗਾਰਡਨ ਵਿਧਾਨ ਸਭਾ ਤੋਂ ਵਿਧਾਇਕੀ ਕਰ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਦੇ ਸਰਨਾ ਧੜੇ ਦੇ ਮੈਂਬਰ ਤੇ ਹੁਣ ਦੇ ਉਮੀਦਵਾਰ ਦੇ ਹੱਕ ਵਿੱਚ ਜਾਣ ਦਾ ਸਵਾਲ ਨਹੀਂ ਉੱਠਦਾ।