ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜਨਵਰੀ
ਦਿੱਲੀ ਟਰੈਫਿਕ ਪੁਲੀਸ ਨੇ ਸ਼ੁੱਕਰਵਾਰ ਨੂੰ ਗਣਤੰਤਰ ਦਿਵਸ ਪਰੇਡ ਲਈ 23 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਦੇ ਸੁਚਾਰੂ ਸੰਚਾਲਨ ਲਈ ਪ੍ਰਬੰਧਾਂ ਤੇ ਪਾਬੰਦੀਆਂ ਬਾਰੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰੇਡ ਦੀ ਰਿਹਰਸਲ ਸੋਮਵਾਰ ਸਵੇਰੇ 9.50 ਵਜੇ ਵਿਜੈ ਚੌਕ ਤੋਂ ਸ਼ੁਰੂ ਹੋ ਕੇ ਨੈਸ਼ਨਲ ਸਟੇਡੀਅਮ ਤੱਕ ਚੱਲੇਗੀ। ਪਰੇਡ ਵਿਜੈ ਚੌਕ ਤੋਂ ਸ਼ੁਰੂ ਹੋ ਕੇ ਗੇਟ ਨੰਬਰ 1 ਤੋਂ ਰਾਜਪਥ, ਅਮਰ ਜਵਾਨ ਜੋਤੀ, ਇੰਡੀਆ ਗੇਟ, ਪ੍ਰਿੰਸੇਸ ਪੈਲੇਸ, ਤਿਲਕ ਮਾਰਗ ਵੱਲ ਖੱਬੇ ਪਾਸੇ ਮੁੜ ਕੇ ਸੀ-ਹੈਕਸਾਗਨ ਰਾਹੀਂ ਸੱਜੇ ਪਾਸੇ ਮੁੜ ਕੇ ਨੈਸ਼ਨਲ ਸਟੇਡੀਅਮ ਵਿੱਚ ਦਾਖਲ ਹੋਵੇਗੀ। ਪੁਲੀਸ ਦੇ ਸੰਯੁਕਤ ਕਮਿਸ਼ਨਰ (ਟਰੈਫਿਕ) ਵਿਵੇਕ ਕਿਸ਼ੋਰ ਨੇ ਕਿਹਾ ਕਿ ਰਾਜਪਥ ’ਤੇ ਵਿਜੈ ਚੌਕ ਤੋਂ ਇੰਡੀਆ ਗੇਟ ਤੱਕ ਸ਼ਨਿਚਰਵਾਰ ਸ਼ਾਮ 6 ਵਜੇ ਤੋਂ ਐਤਵਾਰ ਨੂੰ ਪਰੇਡ ਖਤਮ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੱਤਰੀ ਦਿੱਲੀ ਦੇ ਲੋਕਾਂ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਵੱਲ ਜਾਣ ’ਤੇ ਅਜੇ ਕੋਈ ਪਾਬੰਦੀ ਨਹੀਂ ਲਗਾਈ। ਪਾਰਕ ਸਟਰੀਟ/ਉਦਿਆਨ ਮਾਰਗ, ਅਰਾਮ ਬਾਗ ਰੋਡ (ਪਹਾੜਗੰਜ), ਕਮਲਾ ਮਾਰਕੀਟ ਦੇ ਆਲੇ-ਦੁਆਲੇ, ਦਿੱਲੀ ਸਕੱਤਰੇਤ (ਆਈਜੀ ਸਟੇਡੀਅਮ), ਪ੍ਰਗਤੀ ਮੈਦਾਨ (ਭੈਰੋਂ ਰੋਡ), ਹਨੂਮਾਨ ਮੰਦਰ (ਯਮੁਨਾ ਬਾਜ਼ਾਰ), ਮੋਰੀ ਗੇਟ, ਕਸ਼ਮੀਰੀ ਗੇਟ, ਸਰਾਏ ਕਾਲੇ ਖਾਨ ਅਤੇ ਤੀਸ ਹਜ਼ਾਰੀ ਕੋਰਟ ਤੋਂ ਸ਼ਹਿਰ ਦੀਆਂ ਬੱਸਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਜਾਵੇਗਾ। ਗਾਜ਼ੀਆਬਾਦ ਤੋਂ ਸ਼ਿਵਾਜੀ ਸਟੇਡੀਅਮ ਲਈ ਜਾਣ ਵਾਲੀਆਂ ਬੱਸਾਂ ਰਿੰਗ ਰੋਡ ਲੈ ਕੇ ਭੈਰੋਂ ਰੋਡ ’ਤੇ ਸਮਾਪਤ ਹੋਣਗੀਆਂ। ਬੱਸਾਂ ਨੂੰ ਮੋਹਨ ਨਗਰ ਤੋਂ ਭੋਪੜਾ ਚੁੰਗੀ ਵੱਲ ਵਜ਼ੀਰਾਬਾਦ ਪੁਲ ਵੱਲ ਮੋੜ ਦਿੱਤਾ ਜਾਵੇਗਾ।