ਨਵੀਂ ਦਿੱਲੀ, 18 ਦਸੰਬਰ
ਦੱਖਣੀ ਦਿੱਲੀ ਦੇ ਲਾਜਪਤ ਨਗਰ ਇਲਾਕੇ ’ਚ ਕਿਸੇ ਮਿੰਨੀ ਬੱਸ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ ਅਤੇ ਪੀੜਤ ਨੂੰ ਕੁੱਝ ਦੂਰੀ ਤੱਕ ਬੋਨਟ ’ਤੇ ਘੜੀਸਿਆ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਵਾਪਰੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ’ਚ ਵਿਅਕਤੀ ਚੱਲਦੀ ਗੱਡੀ ਦੇ ਬੋਨਟ ’ਤੇ ਨਜ਼ਰ ਆ ਰਿਹਾ ਹੈ ਜਦਕਿ ਦੂਜੀ ਵੀਡੀਓ ’ਚ ਉਹ ਬੋਨਟ ਤੋਂ ਹੇਠਾਂ ਉਤਰਦਾ ਨਜ਼ਰ ਆ ਰਿਹਾ ਹੈ।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 11.30 ਵਜੇ ਪੀਸੀਆਰ ਕਾਲ ਆਈ। ਫੋਨ ਕਰਨ ਵਾਲੇ ਨੇ ਦੋਸ਼ ਲਾਇਆ ਕਿ ਲਾਜਪਤ ਨਗਰ ਇਲਾਕੇ ’ਚ ਮਿੰਨੀ ਬੱਸ ਦੇ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਕੁਝ ਦੂਰੀ ਤੱਕ ਆਪਣੀ ਗੱਡੀ ਦੇ ਬੋਨਟ ’ਤੇ ਘਸੀਟ ਕੇ ਲੈ ਗਿਆ। ਅਧਿਕਾਰੀ ਨੇ ਦੱਸਿਆ ਕਿ ਜਦੋਂ ਬਾਅਦ ਵਿੱਚ ਕਾਲ ਕਰਨ ਵਾਲੇ ਵਿਅਕਤੀ ਵਿੱਕੀ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਵਿੱਚ ਹੈ ਅਤੇ ਸ਼ਿਕਾਇਤ ਦਰਜ ਕਰਵਾਉਣ ਨਹੀਂ ਆ ਸਕਦਾ। ਬਾਅਦ ਵਿੱਚ ਵਿੱਕੀ ਕੁਮਾਰ ਕੋਟਲਾ ਮੁਬਾਰਕਪੁਰ ਥਾਣੇ ਪੁੱਜਾ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿੱਕੀ ਨੇ ਕਿਹਾ ਕਿ ਇਸ ਘਟਨਾ ਕਾਰਨ ਉਸ ਦੀ ਲੱਤ ’ਤੇ ਸੱਟ ਲੱਗੀ ਹੈ। ਉਸ ਨੇ ਦੱਸਿਆ ਕਿ ਉਹ ਦਵਾਰਕਾ ਸੈਕਟਰ 28 ਦੇ ਪਿੰਡ ਬਮਨੌਲੀ ਤੋਂ ਆਪਣੇ ਡਰਾਈਵਰ ਅਤੇ ਕੰਡਕਟਰ ਨਾਲ ਕੈਂਟਰ ਵਿੱਚ ਰਾਜ ਨਗਰ ਵੱਲ ਆ ਰਿਹਾ ਸੀ। ਜਦੋਂ ਉਹ ਸਾਊਥ ਐਕਸਟੈਂਸ਼ਨ ਫਲਾਈਓਵਰ ’ਤੇ ਪਹੁੰਚੇ ਤਾਂ ਉਸ ਨੇ ਆਪਣੇ ਡਰਾਈਵਰ ਨੂੰ ਆਪਣੇ ਕੈਂਟਰ ਦੇ ਪਿੱਛੇ ਇੱਕ ਮਿੰਨੀ ਬੱਸ ਨੂੰ ਰਸਤਾ ਦੇਣ ਲਈ ਕਿਹਾ। ਕੈਂਟਰ ਨੂੰ ਓਵਰਟੇਕ ਕਰਦੇ ਸਮੇਂ ਮਿੰਨੀ ਬੱਸ ਦਾ ਪਿਛਲਾ ਹਿੱਸਾ ਕਥਿਤ ਤੌਰ ’ਤੇ ਕੁਮਾਰ ਦੀ ਗੱਡੀ ਨਾਲ ਟਕਰਾ ਗਿਆ। ਉਸ ਨੇ ਕਿਹਾ, ‘‘ਅਸੀਂ ਮਿੰਨੀ ਬੱਸ ਨੂੰ ਮੂਲਚੰਦ ਟਰੈਫਿਕ ਸਿਗਨਲ ਨੇੜੇ ਰੋਕਿਆ। ਮੈਂ ਮਿੰਨੀ ਬੱਸ ਦੇ ਅੱਗੇ ਖੜ੍ਹਾ ਹੋ ਕੇ ਉਸ ਦੇ ਡਰਾਈਵਰ ਨੂੰ ਬਾਹਰ ਆਉਣ ਲਈ ਕਿਹਾ ਪਰ ਉਸ ਨੇ ਦਰਵਾਜ਼ਾ ਬੰਦ ਕਰ ਲਿਆ। ਇਸ ਮਗਰੋਂ ਮੈਂ ਗੱਡੀ ਦੇ ਬੋਨਟ ’ਤੇ ਚੜ੍ਹ ਗਿਆ ਅਤੇ ਉਸ ਨੇ ਗੱਡੀ ਚਲਾ ਦਿੱਤੀ। ਮਗਰੋਂ ਆਸ਼ਰਮ ਫਲਾਈਓਵਰ ’ਤੇ ਦੋ ਟੈਕਸੀ ਡਰਾਈਵਰਾਂ ਨੇ ਮਿੰਨੀ ਬੱਸ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਡਰਾਈਵਰ ਨੇ ਗੱਡੀ ਹੌਲੀ ਕੀਤੀ ਤਾਂ ਮੈਂ ਤੁਰੰਤ ਬੋਨਟ ਤੋਂ ਹੇਠਾਂ ਉਤਰ ਕੇ ਚਲਾ ਗਿਆ।’’ -ਪੀਟੀਆਈ
ਰੋਡ ਰੇਜ: ਬਜ਼ੁਰਗ ਦੀ ਹੱਤਿਆ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਟੈਗੋਰ ਗਾਰਡਨ ਮੈਟਰੋ ਸਟੇਸ਼ਨ ਨੇੜੇ ‘ਰੋਡ ਰੇਜ’ ਘਟਨਾ ’ਚ 56 ਸਾਲਾ ਵਿਅਕਤੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ, ‘‘ਐਤਵਾਰ ਸ਼ਾਮ ਕਰੀਬ 5:30 ਵਜੇ ਰਾਜੌਰੀ ਗਾਰਡਨ ਥਾਣੇ ਨੇੜੇ ‘ਰੋਡ ਰੇਜ’ ਦੀ ਇੱਕ ਘਟਨਾ ਵਾਪਰੀ।’’ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਰਵਿੰਦਰ ਸਿੰਘ ਨਾਂ ਦੇ ਵਿਅਕਤੀ ’ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਗੱਡੀ ਅਤੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਪੁਲੀਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ। ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਅਤੇ ਵਾਹਨ ਨੂੰ ਟਰੈਕ ਕੀਤਾ ਗਿਆ। ਇਸ ਮਗਰੋਂ ਦੋ ਵਿਅਕਤੀਆਂ ਨੂੰ ਪੱਛਮੀ ਵਿਹਾਰ ਖੇਤਰ ’ਚ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ