ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਦਿੱਲੀ ਪੁਲੀਸ ਨੇ ਦੱਖਣ-ਪੂਰਬੀ ਦਿੱਲੀ ਵਿੱਚ ਕਰਨੀ ਸਿੰਘ ਸ਼ੂਟਿੰਗ ਰੇਂਜ ਦੇ ਕੋਲ ਇੱਕ ਮੁਕਾਬਲੇ ਤੋਂ ਬਾਅਦ ਨੀਰਜ ਬਵਾਨਾ ਗੈਂਗ ਦੇ ਇੱਕ ਸ਼ੱਕੀ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਮੁਲਜ਼ਮ ਦੀ ਪਛਾਣ ਅੰਬੇਡਕਰ ਨਗਰ ਦੇ ਰਹਿਣ ਵਾਲੇ ਅਹਿਸਾਨ ਅਲੀ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦਾ ਸਾਥੀ ਨੀਰਜ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੂਰਬੀ) ਰਾਜੇਸ਼ ਦੇਵ ਨੇ ਕਿਹਾ, ‘‘ਸਾਨੂੰ 2 ਫਰਵਰੀ ਨੂੰ ਸੂਚਨਾ ਮਿਲੀ ਸੀ ਕਿ ਨੀਰਜ ਬਵਾਨਾ ਗੈਂਗ ਦੇ ਦੋ ਸ਼ਾਰਪਸ਼ੂਟਰ ਫਰੀਦਾਬਾਦ ਤੋਂ ਕਰਨੀ ਸਿੰਘ ਸ਼ੂਟਿੰਗ ਰੇਂਜ ਵੱਲ ਆਉਣ ਵਾਲੇ ਹਨ।’’ ਦੇਵ ਨੇ ਦੱਸਿਆ ਕਿ ਕਰਨੀ ਸਿੰਘ ਸ਼ੂਟਿੰਗ ਰੇਂਜ ਨੇੜੇ ਛਾਪਾ ਮਾਰਨ ਲਈ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀਆਂ ਨੂੰ ਰਾਤ ਕਰੀਬ 8:30 ਵਜੇ ਰੋਕਿਆ ਗਿਆ। ਉਨ੍ਹਾਂ ਦੱਸਿਆ, ‘‘ਜਦੋਂ ਪੁਲੀਸ ਟੀਮ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਨੂੰ ਮੋੜਨ ਦੀ ਕੋਸ਼ਿਸ਼ ਕਰਦੇ ਸਮੇਂ ਉਹ ਹੇਠਾਂ ਡਿੱਗ ਗਏ।’’ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਪਿੱਛੇ ਬੈਠਾ ਨੀਰਜ ਹਨੇਰੇ ਦੀ ਆੜ ਲੈ ਕੇ ਜੰਗਲੀ ਇਲਾਕੇ ’ਚ ਭੱਜ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਮੁਲਜ਼ਮ ਅਲੀ ਨੇ ਆਪਣੀ ਬੰਦੂਕ ਕੱਢੀ ਅਤੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਹੈੱਡ ਕਾਂਸਟੇਬਲ ਦੀ ਬੁਲੇਟ ਪਰੂਫ ਜੈਕੇਟ ’ਚ ਲੱਗੀ। ਪੁਲੀਸ ਨੇ ਜਵਾਬੀ ਕਾਰਵਾਈ ਕਰਿਦਆਂ ਹਵਾ ’ਚ ਗੋਲੀ ਚਲਾਈ। ਜਦੋਂ ਅਲੀ ਨੇ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਪੁਲੀਸ ਮੁਲਾਜ਼ਮ ਨੇ ਉਸ ਦੇ ਪੈਰ ’ਤੇ ਗੋਲੀ ਮਾਰੀ, ਜਿਸ ਕਾਰਨ ਉਹ ਡਿੱਗ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।