ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਦਿੱਲੀ ਵਿੱਚ ਅੱਜ ਹਟ-ਹਟ ਕੇ ਪਏ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਕਾਫ਼ੀ ਰਾਹਤ ਦਿੱਤੀ ਹੈ। ਮੀਂਹ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਮਗਰੋਂ ਕੁਝ ਸਮੇਂ ਲਈ ਲੋਕਾਂ ਨੂੰ ਹੁੰਮਸ ਤੋਂ ਵੀ ਰਾਹਤ ਮਹਿਸੂਸ ਹੋਈ। ਹਾਲਾਂਕਿ ਮੀਂਹ ਦਾ ਪਾਣੀ ਭਰ ਜਾਣ ਕਾਰਨ ਨੋਇਡਾ ਮਾਰਗ ’ਤੇ ਵੱਡੀ ਗਿਣਤੀ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ, ਜਿਸ ਕਾਰਨ ਇਥੇ ਘੰਟਿਆਂ ਬੱਧੀ ਜਾਮ ਲੱਗਿਆ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਪੈਸ਼ੀਨਗੋਈ ਕੀਤੀ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ ਪੰਜ ਤੋਂ ਛੇ ਦਿਨਾਂ ਲਈ ਬੱਦਲਵਾਈ ਅਤੇ ਰੁਕ-ਰੁਕ ਕੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੋਈ ਹੈ। ਸ਼ਹਿਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ।
ਆਵਾਜਾਈ ਪ੍ਰਭਾਵਿਤ ਰਹੇਗੀ
ਦਿੱਲੀ ਟ੍ਰੈਫਿਕ ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੋਇਡਾ ਗੇਟ ’ਤੇ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਅਗਲੇ ਪੰਜ ਦਿਨਾਂ ਤੱਕ ਅਕਸ਼ਰਧਾਮ ਤੋਂ ਉੱਤਰ ਪ੍ਰਦੇਸ਼ ਦੇ ਨੋਇਡਾ ਵੱਲ ਜਾਣ ਵਾਲੇ ਫਲਾਈਓਵਰ ’ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਦਿੱਲੀ ਟ੍ਰੈਫਿਕ ਪੁਲੀਸ ਨੇ ਕਿਹਾ, ‘ਅਕਸ਼ਰਧਾਮ ਤੋਂ ਨੋਇਡਾ (ਯੂਪੀ ਲਿੰਕ ਰੋਡ) ਵੱਲ ਕੈਰੇਜਵੇਅ ਵਿੱਚ ਚਿੱਲਾ ਬਾਰਡਰ ਨੇੜੇ ਨੋਇਡਾ ਗੇਟ ਦੀ ਚੱਲ ਰਹੀ ਮੁਰੰਮਤ ਦੇ ਕੰਮ ਕਾਰਨ 5 ਦਿਨ ਲਗਭਗ ਭਾਰੀ ਟ੍ਰੈਫਿਕ ਰਹੇਗਾ। ਪੁਲੀਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸਫ਼ਰ ਦੀ ਯੋਜਨਾ ਉਸੇ ਅਨੁਸਾਰ ਬਣਾਉਣ। ਇਸ ਤੋਂ ਇਲਾਵਾ ਚੱਲ ਰਹੇ ਸੀਵਰੇਜ ਦੇ ਕੰਮ ਕਾਰਨ 15 ਦਿਨਾਂ ਲਈ ਅਨਾਜ ਮੰਡੀ, ਨਜਫਗੜ੍ਹ ਤੋਂ ਸੈਨਿਕ ਐਨਕਲੇਵ ਵੱਲ ਜਾਣ ਵਾਲੀ ਆਵਾਜਾਈ ’ਤੇ ਵੀ ਪਾਬੰਦੀ ਰਹੇਗੀ।