ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਦਿੱਲੀ ਵਿੱਚ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਦੋਸ਼ ਲਾਇਆ ਕਿ ਜਦੋਂ ਉਹ ਹੱਥ ਬੰਨ੍ਹ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀ ਸੀ ਤਾਂ ਪੁਲੀਸ ਉਸ ਦੀ ਗਰਦਨ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ। ਅਲਕਾ ਲਾਂਬਾ ਦਿੱਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਹੁਲ ਗਾਂਧੀ ਪੁੱਛਗਿੱਛ ਕਰਨ ਤੇ ਸਰਕਾਰ ਦੀ ਅਗਨੀਪਥ ਸਕੀਮ ਬਾਰੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੀ ਸੀ। ਘਟਨਾ ਦੀ ਇਕ ਵੀਡੀਓ ਵਿੱਚ ਅਲਕਾ ਲਾਂਬਾ ਸੜਕ ’ਤੇ ਬੈਠੀ ਦਿਖਾਈ ਦੇ ਰਹੀ ਹੈ। ਜਦੋਂ ਉਸ ਨੂੰ ਉੱਥੋਂ ਹਟਣ ਲਈ ਕਿਹਾ ਗਿਆ ਤਾਂ ਕਾਂਗਰਸੀ ਆਗੂ ਜ਼ਮੀਨ ’ਤੇ ਲੇਟ ਗਈ ਤੇ ‘ਭਾਰਤ ਮਾਤਾ ਦੀ ਜੈ, ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਲਾਉਣ ਲੱਗੀ। ਇਸ ਦੌਰਾਨ ਜਦੋਂ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਅਲਕਾ ਲਾਂਬਾ ਨੂੰ ਚੁੱਕ ਕੇ ਮੌਕੇ ਤੋਂ ਹਟਉਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸੀ ਆਗੂ ਨੇ ਉਨ੍ਹਾਂ ’ਤੇ ਉਸ ਦੀ ਗਰਦਨ ਤੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਪ੍ਰਤੱਖ ਤੌਰ ‘ਤੇ ਉਹ ਘਬਰਾ ਗਈ। ਇਸ ਦੌਰਾਨ ਅਲਕਾ ਲਾਂਬਾ ਨੂੰ ਚੀਕਦਿਆਂ ਸੁਣਿਆ ਜਾਂਦਾ ਹੈ ਕਿ ਤੁਸੀਂ ਮੇਰੀ ਗਰਦਨ ਕਿਉਂ ਫੜ ਰਹੇ ਹੋ। ਉਨ੍ਹਾਂ ਨੂੰ ਕਹੋ ਕਿ ਮੈਨੂੰ ਇਕੱਲਾ ਛੱਡ ਦੇਣ। ਮੇਰੇ ਕੋਲ ਕੀ ਹੈ। ਕੀ ਮੇਰੇ ਕੋਲ ਏ ਕੇ -47 ਹੈ। ਕੀ ਮੇਰੇ ਕੋਲ ਬੰਬ ਹੈ। ਅਲਕਾ ਲਾਂਬਾ ਨੇ ਮੌਕੇ ‘ਤੇ ਇਕੱਠੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੇ ਕੋਲ ਹਥਿਆਰ ਨਹੀਂ। ਕਾਂਗਰਸ ਨੇਤਾ ਨੇ ਕੇਂਦਰ ਦੀ ਅਗਨੀਪਥ ਯੋਜਨਾ ’ਤੇ ਹਮਲਾ ਕਰਦਿਆਂ ਕਿਹਾ, ‘ਜਦੋਂ ਤੁਸੀਂ ਇਨ੍ਹਾਂ ਅਗਨੀਵੀਰਾਂ ਨੂੰ 4 ਸਾਲਾਂ ਦੀ ਸਿਖਲਾਈ ਤੋਂ ਬਾਅਦ ਬਾਹਰ ਭੇਜੋਗੇ ਤਾਂ ਉਹ ਇਸ ਤਰ੍ਹਾਂ ਗਰਦਨ ਤੋੜ ਦੇਣਗੇ। ਉਹ ਬੇਸਹਾਰਾ ਲੋਕਾਂ ਦੀਆਂ ਗਰਦਨਾਂ ਤੋੜ ਦੇਣਗੇ। ਉਸ ਨੇ ਇਹ ਕਹਿੰਦੇ ਹੋਏ ਵਿਰੋਧ ਕਰਨਾ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ, ‘ਮੈਂ ਨਹੀਂ ਰੁਕਾਂਗੀ। ਮੈਂ ਕੋਈ ਕਾਨੂੰਨ ਨਹੀਂ ਤੋੜ ਰਹੀ।