ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਭਾਜਪਾ ਤੇ ਆਮ ਆਦਮੀ ਪਾਰਟੀ ’ਤੇ ਦੋਸ਼ ਲਾਇਆ ਕਿ ਉਹ ਜੇਜੇ ਕਲੱਸਟਰਾਂ ਦੇ ਸਬੰਧੀ ਦੋਹਰੇ ਮਾਪਦੰਡਾਂ ਬਾਰੇ ਗੱਲ ਕਰ ਰਹੇ ਹਨ, ਜੋ ਕਿ ਦਿੱਲੀ ਵਿੱਚ ਲਗਭਗ 140 ਕਿਲੋਮੀਟਰ ਰੇਲਵੇ ਲਾਈਨ ’ਤੇ ਵਸੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਇਲਾਵਾ ਸਾਰੀਆਂ ਪਾਰਟੀਆਂ ਨੇ ਝੁੱਗੀ ਝੌਂਪੜੀ ਵਾਲਿਆਂ ਦੇ ਮੁੜ ਵਸੇਬੇ ਦੇ ਖੋਖਲੇ ਵਾਅਦਿਆਂ ਤੋਂ ਇਲਾਵਾ ਹੇਠਲੇ ਪੱਧਰ ਤੇ ਕੋਈ ਕੰਮ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਲੈ ਕੇ ਹੁਣ ਤੱਕ ਰੇਲਵੇ ਟਰੈਕ ਉੱਤੇ ਲਗਭਗ 48000 ਝੁੱਗੀਆਂ ਢਾਹੁਣ ਦੀ ਤਲਵਾਰ ਲਟਕ ਰਹੀ ਹੈ ਤੇ ਭਾਜਪਾ ਸ਼ਾਸਿਤ ਦਿੱਲੀ ਨਗਰ ਕਾਰਪੋਰੇਸ਼ਨ ਅਤੇ ਦਿੱਲੀ ਦੀ ਅਰਵਿੰਦ ਸਰਕਾਰ ਸਸਤੀ ਰਾਜਨੀਤੀ ਕਰ ਰਹੀ ਹੈ ਕਿਉਂਕਿ ਚੋਣਾਂ ਵਿੱਚ ਦੋਵੇਂ ਇਹ ਝੁੱਗੀਆਂ ਝੌਂਪੜੀ ਵਾਲਿਆਂ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਦੇ ਸਨ। ਸੂਬਾ ਕਾਂਗਰਸ ਦਫ਼ਤਰ, ਰਾਜੀਵ ਭਵਨ ਵਿਖੇ ਹੋਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਨਿਲ ਕੁਮਾਰ ਨੇ ਕਿਹਾ ਕਿ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਵੱਲੋਂ ਰਾਜ ਸਭਾ ਵੱਲੋਂ ਦਿੱਤੇ ਗਏ ਜਵਾਬ ਨਾਲ ਭਾਜਪਾ ਦੀ ਕੇਂਦਰ ਸਰਕਾਰ ਦਾ ਗਰੀਬ ਵਿਰੋਧੀ ਚਿਹਰਾ ਸਾਫ ਹੋ ਗਿਆ ਹੈ।