ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ’ਤੇ ਆਪਣੀ ਮਾਂ ਪਾਰਟੀ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਹਿੱਤ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਸਿੱਖ ਵਿਰੋਧੀ ਤਾਕਤਾਂ ਅੱਗੇ ਗੋਢੇ ਟੇਕ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਬਣੇ ਹਨ, ਇਸ ਸਬੰਧੀ ਅਦਾਲਤ ਵਿਖੇ ਕੇਸ ਚਲ ਰਿਹਾ ਹੈ ਜਲਦ ਹੀ ਉਸ ’ਤੇ ਫ਼ੈਸਲਾ ਆਵੇਗਾ। ਹਿੱਤ ਦੇ ਨਾਲ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕੁਲਮੋਹਨ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਹਰਮੀਤ ਸਿੰਘ ਕਾਲਕਾ ’ਤੇ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਿਹੜਾ ਮਾਮਲਾ 2005 ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਧਿਆਨ ਵਿਚ ਆਉਣ ਮਗਰੋਂ ਸਮਾਪਤ ਹੋ ਚੁਕਿਆ ਹੈ ਉਸ ਨੂੰ ਮੁੜ ਚੁਕਦੇ ਹੋਏ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਲਮੋਹਨ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਹਿੱਤ ਅਤੇ ਉਨ੍ਹਾਂ ਦੀ ਕਮੇਟੀ 2002 ’ਚ ਹੀ ਹਟ ਗਈ ਸੀ ਤੇ 2005 ਵਿਚ ਪਰਮਜੀਤ ਸਿੰਘ ਸਰਨਾ ਦੀ ਕਮੇਟੀ ਸੀ। ਉਸ ਦੌਰਾਨ ਦਿੱਲੀ ਦੇ ਦੋ ਬੰਦਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਨੂ ਮੂਰਤੀ ਖਿਲਾਫ਼ ਸ਼ਿਕਾਇਤ ਦਿੱਤੀ ਸੀ ਜਿਨ੍ਹਾਂ ਵੱਲੋਂ ਤੇਲਗੂ ਸਮੇਤ ਹੋਰਨਾਂ ਭਾਸ਼ਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਜਾ ਰਿਹਾ ਸੀ ਅਤੇ ਜਿਵੇਂ ਹੀ ਇਹ ਮਾਮਲਾ ਪਰਮਜੀਤ ਸਿੰਘ ਸਰਨਾ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਫ਼ੌਰਨ ਉਸ ’ਤੇ ਰੋਕ ਲਾ ਦਿੱਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਸਮਾਪਤ ਹੋ ਗਿਆ ਸੀ ਪਰ ਕੱਲ੍ਹ ਜਦੋਂ ਸਮੁੱਚਾ ਪੰਥ ਅਕਾਲ ਤਖ਼ਤ ਵਿਖੇ ਇੱਕਜੁਟ ਹੋਇਆ ਉਸ ਸਮੇਂ ਹਰਮੀਤ ਸਿੰਘ ਕਾਲਕਾ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫ਼ਰੰਸ ਕਰਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ’ਤੇ ਹਰਮੀਤ ਸਿੰਘ ਕਾਲਕਾ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਸ਼ਿਕਾਇਤ ਭੇਜੀ ਹੈ।