ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜਨਵਰੀ
ਰਾਜਸਥਾਨ ਦੇ ਅਲਵਰ ’ਚ 15 ਸਾਲਾ ਕੁੜੀ ਨਾਲ ਕਥਿਤ ਜਬਰ-ਜਨਾਹ ਦੇ ਮਾਮਲੇ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਰਕਾਰ ਦੀ ਢਿੱਲੀ ਜਾਂਚ ਤੋਂ ਨਿਰਾਸ਼ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਦਿੱਲੀ ਇਕਾਈ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਦੀ ਅਗਵਾਈ ’ਚ ਦਿੱਲੀ ਤੋਂ ਇਕ ਵਫ਼ਦ ਅੱਜ ਅਲਵਰ ਪੁੱਜਿਆ ਅਤੇ ਉਨ੍ਹਾਂ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਲਈ 7 ਮੈਂਬਰੀ ਐਕਸ਼ਨ ਕਮੇਟੀ ਬਣਾਉਣ ਦਾ ਐਲਾਨ ਕੀਤਾ। ਇਸਤਰੀ ਅਕਾਲੀ ਦਲ ਵੱਲੋਂ ਸਥਾਨਕ ਲੋਕਾਂ ਦੀ ਭਾਈਵਾਲੀ ਨਾਲ ਗਠਿਤ ਕੀਤੀ ਗਈ ਇਹ ਐਕਸ਼ਨ ਕਮੇਟੀ ਦਿੱਲੀ ਸਥਿਤ ਇਸਤਰੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਸੀਨੀਅਰ ਵਕੀਲਾਂ ਦੀ ਸਹਾਇਤਾ ਵੀ ਲਵੇਗੀ। ਬੀਬੀ ਰਣਜੀਤ ਕੌਰ ਨੇ ਪੀੜਤਾ ਦਾ ਮੈਡੀਕਲ ਟੈਸਟ ਦਿੱਲੀ ਸਥਿਤ ਆਲ ਇੰਡੀਆ ਮੈਡੀਕਲ ਸਾਇੰਸਜ਼ (ਏਮਜ਼) ’ਚ ਕਰਵਾਉਣ ਦੀ ਵਕਾਲਤ ਕੀਤੀ ਤਾਂ ਕਿ ਮੈਡੀਕਲ ਰਿਪੋਰਟ ’ਚ ਪਾਰਦਰਸ਼ਤਾ ਬਣੇ। ਉਨ੍ਹਾਂ ਨੇ ਇਸ ਮਾਮਲੇ ’ਚ ਦਬਾਅ ਬਣਾਉਣ ਲਈ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਯੂ.ਪੀ. ਅਤੇ ਦਿੱਲੀ ’ਚ ਰੋਸ ਵਿਖਾਵਾ ਕਰਨ ਦੀ ਗੱਲ ਵੀ ਕਹੀ।
ਉਨ੍ਹਾਂ ਕਿਹਾ ਕਿ 11 ਜਨਵਰੀ ਦੀ ਰਾਤ ਨੂੰ ਵਾਪਰੀ ਇਸ ਘਿਨੌਣੀ ਘਟਨਾ ਨਾਲ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ ਹੈ। ਪਹਿਲਾਂ ਇਸ ਮਾਮਲੇ ’ਚ ਦੱਸਿਆ ਗਿਆ ਸੀ ਕਿ ਪੀੜਤਾ ਦਲਿਤ ਭਾਈਚਾਰੇ ਤੋਂ ਹੈ ਅਤੇ ਹੁਣ ਜਾਣਕਾਰੀ ਮਿਲੀ ਹੈ ਕਿ ਪੀੜਤਾ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਪੀੜਤਾ ਭਾਵੇਂ ਕਿਸੇ ਵੀ ਭਾਈਚਾਰੇ ਨਾਲ ਸਬੰਧਤ ਹੋਵੇ ਪਰ ਪਹਿਲਾਂ ਉਹ ਇਸ ਦੇਸ਼ ਦੀ ਧੀ ਸੀ ਅਤੇ ਦੇਸ਼ਭਰ ’ਚ ਹਰ ਧੀ ਨੂੰ ਨਿਆਂ ਦਿਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਵਚਨਬੱਧ ਹੈ।
ਇਸਤਰੀ ਅਕਾਲੀ ਦਲ ਦੀ ਅਗਵਾਈ ’ਚ ਭਾਰੀ ਗਿਣਤੀ ’ਚ ਸਥਾਨਕ ਲੋਕ ਗੁਰਦੁਆਰਾ ਮਾਲੇ ਖੇੜਾ ਸਾਹਿਬ ਤੋਂ ਅੱਲਾਪੁਰ (ਅਲਵਰ), ਜੈਪੁਰ ਰੋਡ ਸਥਿਤ ਪੀੜਤਾ ਦੇ ਘਰ ਪੁੱਜੇ ਅਤੇ ਉਸ ਦੇ ਪਰਿਵਾਰਕ ਜੀਆਂ ਨੂੰ ਇਸ ਮਾਮਲੇ ’ਚ ਹਰ ਸੰਭਵ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ।