ਨਵੀਂ ਦਿੱਲੀ (ਪੱਤਰ ਪ੍ਰੇਰਕ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਮੂ-ਕਸ਼ਮੀਰ ਦੇ ਅਮਰਨਾਥ ਮੰਦਰ ਨੇੜੇ ਬੱਦਲ ਫਟਣ ਕਾਰਨ ਮਾਰੇ ਗਏ ਦਿੱਲੀ ਦੇ ਦੋ ਨਿਵਾਸੀਆਂ ਦੇ ਪਰਿਵਾਰਾਂ ਲਈ ਅੱਜ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਬੀਤੇ ਹਫ਼ਤੇ ਅਮਰਨਾਥ ਮੰਦਰ ਅਸਥਾਨ ਦੇ ਨੇੜੇ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 30 ਤੋਂ ਵੱਧ ਲਾਪਤਾ ਹੋ ਗਏ। ਕੇਜਰੀਵਾਲ ਨੇ ਵਿੱਚ ਟਵੀਟ ਕੀਤਾ, ‘ਅਮਰਨਾਥ ਯਾਤਰਾ ਦੌਰਾਨ ਬੱਦਲ ਫਟਣ ਕਾਰਨ ਦਿੱਲੀ ਵਾਸੀ ਬਰਮਤੀ ਜੀ ਅਤੇ ਪ੍ਰਕਾਸ਼ੀ ਜੀ ਦੀ ਮੌਤ ਹੋ ਗਈ। ਮੈਂ ਹੁਣੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਿਆ ਹਾਂ। ਅਸੀਂ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦੇਵਾਂਗੇ। ਅਸੀਂ ਉਨ੍ਹਾਂ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕਰਾਂਗੇ। ਉਨ੍ਹਾਂ ਨੂੰ ਅਸੀਂ ਜੋ ਵੀ ਤਰੀਕੇ ਨਾਲ ਕਰ ਸਕਦੇ ਹਾਂ, ਮਦਦ ਕਰਾਂਗੇ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇੇ।’ ਮੁੱਖ ਮੰਤਰੀ ਨੇ ਟਵਿੱਟਰ ਵਿੱਚ ਦੋਵਾਂ ਮ੍ਰਿਤਕਾਂ ਬਰਮਤੀ ਤੇ ਪ੍ਰਕਾਸ਼ੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਉਨ੍ਹਾਂ ਨੂੰ ਫੁੱਲ ਅਰਪਿਤ ਕੀਤੇ ਦਿਖਾਈ ਦਿੰਦੇ ਹਨ। ਉਨ੍ਹਾਂ ਦੁੱਖੀ ਪਰਿਵਾਰ ਦੇ ਲੋਕਾਂ ਦਾ ਧੀਰਜ ਬੰਨ੍ਹਾਇਆ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।